ਬਾਸਮਤੀ ਦੀ ਚੰਗੀ ਕੁਆਲਿਟੀ ਪੈਦਾ ਕਰਨ ਲਈ 10 ਕੀਟਨਾਸ਼ਕਾਂ ‘ਤੇ ਪਾਬੰਦੀ : ਮੁੱਖ ਖੇਤੀਬਾੜੀ ਅਫ਼ਸਰ
ਬਾਸਮਤੀ ਦੀ ਚੰਗੀ ਕੁਆਲਿਟੀ ਪੈਦਾ ਕਰਨ ਲਈ 10 ਕੀਟਨਾਸ਼ਕਾਂ ‘ਤੇ ਪਾਬੰਦੀ : ਮੁੱਖ ਖੇਤੀਬਾੜੀ ਅਫ਼ਸਰ
ਫ਼ਿਰੋਜ਼ਪੁਰ, 4 ਅਗਸਤ 2023:
ਪੰਜਾਬ ਸਰਕਾਰ ਵੱਲੋਂ ਬਾਸਮਤੀ ਫ਼ਸਲ ਦੀ ਚੰਗੀ ਕੁਆਲਿਟੀ ਪੈਦਾ ਕਰਨ ਲਈ 10 ਕੀਟਨਾਸ਼ਕਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਜਿੰਦਰ ਕੰਬੋਜ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਐਸੀਫੇਟ, ਕਲੋਰੋਪਾਇਰੀਫਾਸ, ਥਾਇਆਮਿਥੌਕਸਮ, ਕਾਰਬੈਂਡਾਜਿਮ, ਟ੍ਰਾਈਸਾਈਕਲਾਜੋਲ, ਬੁਪਰੋਫੈਜਿਨ, ਪ੍ਰੋਫੀਨੋਫੋਸ, ਪ੍ਰੋਪੀਕੋਨਾਜੋਲ, ਆਈਸੋਪ੍ਰੋਥਾਇਓਲੇਨ, ਮੀਥਾਮੀਡੋਫੋਸ ਆਦਿ 10 ਕੀਟਨਾਸ਼ਕ ਹਨ, ਜਿੰਨ੍ਹਾਂ ਦੀ ਬਾਸਮਤੀ ਦੀ ਫਸਲ ਉੱਤੇ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਡਾ: ਰਜਿੰਦਰ ਕੰਬੋਜ ਨੇ ਹੋਰ ਦੱਸਿਆ ਕਿ ਕਿਸਾਨ ਸਿਖਲਾਈ ਕੈਂਪਾਂ ਅਤੇ ਸੋਸ਼ਲ ਮੀਡੀਆਂ ਰਾਹੀਂ ਕਿਸਾਨਾਂ ਨੂੰ ਇਨ੍ਹਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਸਬੰਧੀ ਦੱਸਿਆ ਜਾ ਰਿਹਾ ਹੈ ਤਾਂ ਜੋ ਉੱਤਮ ਕੁਆਲਿਟੀ ਦੀ ਬਾਸਮਤੀ ਦੀ ਪੈਦਾਵਾਰ ਕੀਤੀ ਜਾ ਸਕੇ ਅਤੇ ਇਸ ਦੀ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਵਿੱਚ ਕਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਸਮੂਹ ਪੈਸਟੀਸਾਈਡਜ਼ ਡੀਲਰਾਂ ਨੂੰ ਵੀ ਇਸ ਦੀ ਬਾਸਮਤੀ ਉੱਪਰ ਵਰਤੋਂ ਨਾ ਕਰਨ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ। ਜੇਕਰ ਇਨ੍ਹਾਂ ਕੀਟਨਾਸ਼ਕ ਦਵਾਈਆਂ ਦੀ ਕਿਸੇ ਹੋਰ ਫਸਲਾਂ ਉੱਤੇ ਸਪਰੇਅ ਕਰਨੀ ਵੀ ਹੈ ਤਾਂ ਦੁਕਾਨਦਾਰ ਬਿਲ ਬੁੱਕ ਉੱਪਰ ਉਸ ਫਸਲ ਦਾ ਨਾਮ ਹਰ ਹਾਲਤ ਵਿੱਚ ਦਰਜ ਕਰਨਗੇ ਅਤੇ ਦਵਾਈਆਂ ਸਬੰਧੀ ਰਿਕਾਰਡ ਹਰ ਹਾਲਤ ਵਿੱਚ ਪੂਰਾ ਕਰਕੇ ਰਖਣਗੇ। ਉਨ੍ਹਾਂ ਦੱਸਿਆ ਜੇਕਰ ਕਿਸੇ ਵੀ ਡੀਲਰ ਵੱਲੋਂ ਇਸ ਕੰਮ ਵਿੱਚ ਕੋਈ ਅਣਗਹਿਲੀ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
—-