ਫਿਰੋਜਪੁਰ ਵਿਖੇ ਲਿੰਗ ਜਾਂਚ ਕਰਵਾਉਣ ਆਏ ਕਾਬੂ ਦੋਸ਼ੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- ਸਿਵਲ ਸਰਜਨ
ਫਿਰੋਜਪੁਰ ਵਿਖੇ ਲਿੰਗ ਜਾਂਚ ਕਰਵਾਉਣ ਆਏ ਕਾਬੂ
ਦੋਸ਼ੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- ਸਿਵਲ ਸਰਜਨ
ਫਿਰੋਜਪੁਰ, 14.5.2033: ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ਪ੍ਰੋਗਰਾਮ ਦੇ ਤਹਿਤ ਮਹਿਲਾ ਸਸ਼ਕਤੀਕਰਨ ਲਈ ਨਿਰੰਤਰਨ ਪ੍ਰਯਾਸ ਕੀਤੇ ਜਾ ਰਹੇ ਹਨ,ਪਰ ਅਜੇ ਵੀ ਸਾਡੇ ਸਮਾਜ ਵਿੱਚ ਕੁੱਝ ਅਜਿਹੇ ਵਿਅਕਤੀ ਹਨ ਜਿਹੜੇ ਪੁੱਤਰ ਪ੍ਰਾਪਤੀ ਦੀ ਚਾਹ ਵਿੱਚ ਕੰਨਿਆ ਭਰੂਣ ਹੱਤਿਆ ਵਰਗੇ ਘਿਣਾਉਣੇ ਅਪਰਾਧ ਦੀ ਹੱਦ ਤੱਕ ਵੀ ਜਾ ਸਕਦੇ ਹਨ। ਸਰਕਾਰ ਵੱਲੋਂ ਪੀ.ਸੀ. ਪੀ.ਐਨ. ਡੀ.ਟੀ.ਐਕਟ 1994 ਨਾਮਕ ਬਹੁਤ ਹੀ ਸਖ਼ਤ ਕਾਨੂੰਨ ਬਣਾਇਆ ਹੋਇਆ ਹੈ,ਪਰ ਅਜੇ ਵੀ ਕਿਤੇ ਨਾ ਕਿਤੇ ਲੋਕ ਚੰਦ ਰੁਪਇਆ ਦੀ ਖਾਤਿਰ ਲਿੰਗ ਜਾਂਚ ਦਾ ਧੰਦਾ ਕਰਦੇ ਹਨ। ਇਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਦੀ ਮੋਗਾ ਰੋਡ ਵਿਖੇ ਕ੍ਰਿਸ਼ਨਾ ਕਲੋਨੀ ਨੇੜੇ ਆਲੇਵਾਲ਼ਾ ਵਿਖੇ ਦੇਖਣ ਨੂੰ ਮਿਲੀ ਜਿੱਥੇ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲੇ ਦੇ ਸਿਹਤ ਅਧਿਕਾਰੀਆਂ ਦੀ ਸੰਯੁਕਤ ਕਾਰਵਾਈ ਅਤੇ ਮੌਕੇ ਤੇ ਦਿਖਾਈ ਮੁਸਤੈਦੀ ਸਦਕਾ ਲਿੰਗ ਜਾਂਚ ਕਰਵਾਉਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਇੱਕ ਆਦਮੀ ਅਤੇ ਇੱਕ ਔਰਤ ਨੂੰ ਰੰਗੀ ਹੱਥੀ ਕਾਬੂ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ।ਸਮੁੱਚੀ ਕਾਰਵਾਈ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪਰੋਪਰੀਏਟ ਅਥਾਰਿਟੀ ਕਮ ਸਿਵਲ ਸਰਜਨ ਫ਼ਿਰੋਜ਼ਪੁਰ ਰਾਜਿੰਦਰਪਾਲ ਨੇ ਦੱਸਿਆ ਕਿ ਫਰੀਦਕੋਟ ਤੋਂ ਡੀਕੋਏ ਮਰੀਜ਼ ਦੀ ਮਦਦ ਨਾਲ ਦੋਵੇਂ ਜ਼ਿਲ੍ਹਿਆਂ ਦੇ ਉੱਚ ਸਿਹਤ ਅਧਿਕਾਰੀਆਂ ਦੀ ਟੀਮ ਨੇ ਉਕਤ ਦੋਵੇਂ ਵਿਅਕਤੀ ਇੱਕ ਆਦਮੀ ਅਤੇ ਇੱਕ ਔਰਤ ਨੂੰ ਲਿੰਗ ਜਾਂਚ ਕਰਵਾਉਣ ਵਾਸਤੇ ਪ੍ਰਾਪਤ ਕੀਤੀ ਨਕਦ ਰਾਸ਼ੀ ਸਮੇਤ ਕਾਬੂ ਕੀਤੇ। ਸਮੁੱਚੀ ਕਾਰਵਾਈ ਦੀ ਅਗਵਾਈ ਕਰਨ ਪਹੁੰਚੇ ਸਿਵਲ ਸਰਜਨ ਡਾ.ਰਜਿੰਦਰ ਪਾਲ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਲਾਗੂ ਕਰਵਾਉਣ ਹਿੱਤ ਜ਼ਿਲ੍ਹੇ ਅੰਦਰ ਚੱਲ ਰਹੇ ਅਲਟ੍ਰਾਸਾਊਂਡ ਸਕੈਨ ਸੈਂਟਰਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ। ਵਿਭਾਗ ਵੱਲੋਂ ਕੰਨਿਆ ਭਰੂਣ ਹੱਤਿਆ ਵਿਰੁੱਧ ਐਕਟ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਜਿਲ੍ਹਾ ਨਿਵਾਸੀਆਂ ਦੇ ਨਾਮ ਇੱਕ ਅਪੀਲ ਵਿੱਚ ਕਿਹਾ ਕਿ ਲੋਕਾਂ ਨੂੰ ਭਰੂਣ ਹੱਤਿਆ ਰੋਕਣ ਲਈ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਕਿੱਤੇ ਵੀ ਹੋ ਰਹੇ ਲਿੰਗ ਜਾਂਚ ਦੇ ਵਰਤਾਰੇ ਦੀ ਵਿਭਾਗ ਨਾਲ ਸੂਚਨਾ ਸਾਂਝੀ ਕਰਨੀ ਚਾਹੀਦੀ ਹੈ।