ਪੰਜਾਬ ਰੋਡਵੇਜ਼ ਦੀ ਐਕਸ਼ਨ ਕਮੇਟੀ ਨੇ ਮੰਗਾਂ ਨੂੰ ਲੈ ਕੇ ਕੀਤੀ ਗੇਟ ਰੈਲੀ
Ferozepur July 13,2018:ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੀ ਐਕਸ਼ਨ ਕਮੇਟੀ ਵੱਲੋਂ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਵੱਲੋਂ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਕਾਰਨ ਰੋਡਵੇਜ਼ ਕਾਮਿਆਂ ਨੇ ਸਰਕਾਰ ਦੀ ਮੁਰਦਾਬਾਦ ਕੀਤੀ। ਫ਼ਿਰੋਜ਼ਪੁਰ ਡਿਪੂ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ 18 ਜੁਲਾਈ 2018 ਨੂੰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ, ਜਿਸ ਦੀ ਉਹ ਹਿਮਾਇਤ ਕਰਦੇ ਹਨ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ, ਪਿਛਲੀਆਂ ਡੀਏ ਦੀਆਂ ਕਿਸ਼ਤਾਂ ਅਤੇ ਕੱਚੇ ਮੁਲਾਜ਼ਮ ਪੱਕੇ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, 1 ਜਨਵਰੀ 2004 ਤੋਂ ਬੰਦ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ। ਇਸ ਮੌਕੇ ਤੇ ਐੱਸਸੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ, ਜਨਰਲ ਸਕੱਤਰ ਦਵਿੰਦਰ ਕੁਮਾਰ, ਏਟਕ ਜਥੇਬੰਦੀ ਵੱਲੋਂ ਪ੍ਰਧਾਨ ਅਰਵਿੰਦਰ ਸਿੰਘ ਰੂਬੀ, ਜਨਰਲ ਸਕੱਤਰ ਉਂਕਾਰ ਸਿੰਘ, ਇੰਟਕ ਜਥੇਬੰਦੀ ਵੱਲੋਂ ਪ੍ਰਧਾਨ ਬਲਵੰਤ ਸਿੰਘ, ਚੇਅਰਮੈਨ ਗੁਰਦਰਸ਼ਨ ਸਿੰਘ ਖਹਿਰਾ, ਕਰਮਚਾਰੀ ਦਲ ਜਥੇਬੰਦੀ ਵੱਲੋਂ ਪ੍ਰਧਾਨ ਗੁਰਜੀਤ ਸਿੰਘ, ਚੇਅਰਮੈਨ ਗੁਰਮੀਤ ਸਿੰਘ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।