ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ 45 ਯੋਗ ਵਰਕਰਾਂ ਦੀ ਕੀਤੀ ਗਈ ਰਜਿਸਟ੍ਰੇਸ਼ਨ
ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ 45 ਯੋਗ ਵਰਕਰਾਂ ਦੀ ਕੀਤੀ ਗਈ ਰਜਿਸਟ੍ਰੇਸ਼ਨ
ਕਿਰਤ ਤੇ ਭਲਾਈ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਦਾ ਆਯੋਜਨ
ਫ਼ਿਰੋਜ਼ਪੁਰ 2 ਸਤੰਬਰ 2019 ( ) ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਲੋਕਾਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਅਤੇ ਵਰਕਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਕਿਰਤ ਤੇ ਭਲਾਈ ਵਿਭਾਗ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਲੇਬਰ ਇੰਸਪੈਕਟਰ ਸ੍ਰੀ. ਰਾਜੀਵ ਸੋਢੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 100 ਵਰਕਰਾਂ ਵੱਲੋਂ ਆਪਣੀਆਂ ਰਜਿਸਟ੍ਰੇਸ਼ਨਾਂ ਕਰਵਾਉਣ ਲਈ ਹਿੱਸਾ ਲਿਆ ਗਿਆ ਜਿਨ੍ਹਾਂ ਵਿੱਚੋਂ 45 ਯੋਗ ਵਰਕਰਾਂ ਨੂੰ ਚੁਣਿਆ ਗਿਆ ਅਤੇ ਇਨ੍ਹਾਂ ਦੇ ਫਾਰਮ ਭਰਨ ਲਈ ਸੇਵਾ ਕੇਂਦਰ ਨੂੰ ਭੇਜੇ ਗਏ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਇਹੋ ਜਿਹੀਆਂ ਸਕੀਮਾਂ ਯੋਗ ਵਰਕਰਾਂ ਤੱਕ ਪਹੁੰਚਾਉਣ ਲਈ ਅੱਗੇ ਤੋਂ ਵੀ ਲਗਾਤਾਰ ਅਜਿਹੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਅਧੀਨ ਕੁੱਲ 50 ਹਜ਼ਾਰ ਰੁਪਏ ਤੱਕ ਦਾ ਇਲਾਜ ਪ੍ਰਤੀ ਪਰਿਵਾਰ ਪ੍ਰਤੀ ਸਾਲ ਦਿੱਤਾ ਜਾਵੇਗਾ। ਪੰਜੀਕ੍ਰਿਤ ਲਾਭਪਾਤਰੀ ਦੀ ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਐਕਸਗ੍ਰੇਸੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ਤੇ 3 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੇ ਉੱਚ ਸਿੱਖਿਆ ਤੱਕ ਵਜ਼ੀਫ਼ਾ ਅਤੇ ਪੰਜੀਕ੍ਰਿਤ ਉਸਾਰੀ ਕਿਰਤੀ ਦੀ ਲੜਕੀ ਦੀ ਸ਼ਾਦੀ ਲਈ ਸਗਨ ਸਕੀਮ 51 ਹਜ਼ਾਰ ਰੁਪਏ ਦੀ ਰਕਮ ਜੇਕਰ ਲੜਕੀ ਖ਼ੁਦ ਬਤੌਰ ਲਾਭਪਾਤਰੀ ਰਜਿਸਟਰ ਹੋਵੇ ਤਾਂ ਉਹ ਵੀ ਇਸ ਸਕੀਮ ਅਧੀਨ ਆਪਣੀ ਸ਼ਾਦੀ ਲਈ ਸਗਨ ਦੀ ਰਾਸ਼ੀ ਪ੍ਰਾਪਤ ਕਰਨ ਦੀ ਹੱਕਦਾਰ ਹੋਵੇਗੀ। ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਐਨਕ ਲਈ 800 ਰੁਪਏ, ਦੰਦਾਂ ਵਾਸਤੇ 5 ਹਜ਼ਾਰ ਰੁਪਏ ਅਤੇ ਸੁਣਨ ਯੰਤਰ ਲਗਾਉਣ ਲਈ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪੰਜੀਕ੍ਰਿਤ ਲਾਭਪਾਤਰੀ ਆਪਣੇ ਪਹਿਲੇ ਦੋ ਬੱਚਿਆਂ ਦੇ ਜਨਮ ਸਮੇਂ ਪ੍ਰਸੂਤਾ ਅਧੀਨ 5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਤੀ ਬੱਚਾ ਲੈ ਸਕਣਗੇ। ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ-ਸੰਭਾਲ ਲਈ 20 ਹਜ਼ਾਰ ਰੁਪਏ ਸਲਾਨਾ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।
ਇਸ ਮੌਕੇ ਹਰਜਿੰਦਰ ਸਿੰਘ ਬਿੱਟੂ ਸਾਂਘਾ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਪ੍ਰਿੰਸ ਭਾਊ, ਰਿੰਕੂ ਗਰੋਵਰ, ਦਲਜੀਤ ਦੁਲਚੀ ਕੇ, ਰਿਸ਼ੀ ਸ਼ਰਮਾ, ਬਲੀ ਸਿੰਘ ਉਸਮਾਨ ਵਾਲਾ ਆਦਿ ਹਾਜ਼ਰ ਸਨ।