ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਇਹਨਾਂ ਅਧਿਆਪਕਾਂ ਨੂੰ ਨੌਕਰੀ ਤੇ ਬਹਾਲ ਕਰਵਾ ਕੇ ਇਨਸਾਫ ਦੇਣਾ ਚਾਹੀਦਾ ਹੈ- ਲੇਖਕ ਭਾਈਚਾਰਾ
ਪੰਜਾਬ ਦੇ ਲੇਖਕ ਭਾਈਚਾਰੇ ਵਲੋਂ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਦਾ ਭਰਪੂਰ ਸਮਰਥਨ
ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਇਹਨਾਂ ਅਧਿਆਪਕਾਂ ਨੂੰ ਨੌਕਰੀ ਤੇ ਬਹਾਲ ਕਰਵਾ ਕੇ ਇਨਸਾਫ ਦੇਣਾ ਚਾਹੀਦਾ ਹੈ- ਲੇਖਕ ਭਾਈਚਾਰਾ
ਫਿਰੋਜਪੁਰ 3 ਸਤੰਬਰ, 2023: ਫਿਰੋਜ਼ਪੁਰ ਸ਼ਹਿਰ 102 ਸਾਲਾਂ ਪੁਰਾਣੇ ਕਾਲਜ਼ ਦੇ 3 ਰੈਗੂਲਰ ਅਧਿਆਪਕਾਂ ਨੂੰ ਗੈਰ -ਕਾਨੂੰਨੀ ਢੰਗ ਨਾਲ ਬਾਹਰ ਕੱਢਣ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਦਿਨ ਰਾਤ ਦੇ ਲੱਗੇ ਧਰਨੇ ਦੇ 29ਵੇਂ ਦਿਨ ਪੰਜਾਬ ਦੇ ਲੇਖਕ ਭਾਈਚਾਰੇ ਵੱਲੋਂ ਸਤਪਾਲ ਭੀਖੀ ਪ੍ਰਸਿੱਧ ਸ਼ਾਇਰ, ਤਰਸੇਮ ਬਰਨਾਲਾ ਨਾਮਵਰ ਸ਼ਾਇਰ, ਜਸਵਿੰਦਰ ਧਰਮਕੋਟ ਕਹਾਣੀਕਾਰ, ਤਰਲੋਚਨ ਤਰਨਤਾਰਨ, ਰਮੇਸ਼ ਯਾਦਵ (ਫੋ਼ਕਲੋਰ ਰਿਸਰਚ ਅਕਾਦਮੀ (ਰਜਿ.) ਅਮ੍ਰਿਤਸਰ, ਧਰਵਿੰਦਰ ਔਲਖ ਅਤੇ ਸੁਖਵਿੰਦਰ ਸੁੱਖੀ ਕੈਲੀਬਰ ਪ੍ਰਕਾਸ਼ਨ ਪਟਿਆਲਾ ਧਰਨੇ ਦੇ ਸਮਰਥਨ ਲਈ ਪਹੁੰਚੇ, ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਾਲਜ ਮੈਨੇਜਮੈਂਟ ਵੱਲੋਂ ਗੈਰ ਵਾਜ਼ਿਬ ਰਵੱਈਆ ਅਪਣਾਉਂਦੇ ਹੋਏ ਆਪਣੇ ਤਿੰਨ ਸੀਨੀਅਰ ਲੈਕਚਰਾਰਾਂ ਪ੍ਰੋ. ਕੁਲਦੀਪ ਸਿੰਘ ਮੁਖੀ, ਪੰਜਾਬੀ ਵਿਭਾਗ, ਡਾ. ਮਨਜੀਤ ਕੌਰ ਪੰਜਾਬੀ ਵਿਭਾਗ ਅਤੇ ਪ੍ਰੋ. ਲਕਸ਼ਮਿੰਦਰ ਇਤਿਹਾਸ ਵਿਭਾਗ ਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਕੱਢਣ ਅਤੇ ਯੂਨੀਵਰਸਿਟੀ ਦੇ ਹੁਕਮਾਂ ਦੇ ਬਾਵਜੂਦ ਵਾਪਸ ਨੌਕਰੀ ‘ਤੇ ਨਾ ਰੱਖਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਹੈ।ਉਹਨਾਂ ਕਿਹਾ ਕਿ ਦਿਨ-ਰਾਤ ਦੇ ਮੋਰਚੇ ਦੇ ਰੂਪ ਵਿੱਚ ਕੀਤੇ ਜਾ ਰਹੇ ਸੰਘਰਸ਼ ਦੀ ਪੂਰੇ ਪੰਜਾਬ ਦੇ ਸੁਹਿਰਦ ਲੇਖਕਾਂ ਵਲੋਂ ਪੂਰੀ ਹਮਾਇਤ ਹੈ। ਕਾਲਜ ਵਿੱਚ 1500 ਦੇ ਕਰੀਬ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਲਈ ਹੁਣ ਸਿਰਫ਼ ਦੋ ਜੂਨੀਅਰ ਪ੍ਰੋਫੈਸਰ ਬਚੇ ਹਨ, ਹੈੱਡ ਆਫ ਦਾ ਡਿਪਾਰਟਮੈਂਟ ਅਤੇ ਸੀਨੀਅਰ ਪ੍ਰੋਫ਼ੈਸਰਾਂ ਨੂੰ ਤਾਂ ਬਾਹਰ ਕੱਢ ਦਿੱਤਾ ਗਿਆ ਹੈ । ਇੱਥੇ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਪ੍ਰੋਫੈਸਰਾਂ ਦੀ ਨਿਯੁਕਤੀ ਕਿਸੇ ਕੋਰਸ (ਐਮ.ਏ.) ‘ਤੇ ਆਧਾਰਿਤ ਨਹੀਂ ਸੀ ਸਗੋਂ ਵਿਸ਼ੇ ‘ਤੇ ਆਧਾਰਿਤ ਸੀ ਭਾਵ ਜਿਨ੍ਹਾਂ ਚਿਰ ਕਾਲਜ ‘ਚ ਪੰਜਾਬੀ ਤੇ ਹਿਸਟਰੀ ਪੜ੍ਹਾਈ ਜਾਵੇਗੀ ਇਨ੍ਹਾਂ ਨੂੰ ਕਿਸੇ ਵੀ ਹਾਲਤ ‘ਚ ਕੱਢਿਆ ਨਹੀਂ ਜਾ ਸਕਦਾ। ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਸਮੇਂ ਨਿਯਮਾਂ ਨੂੰ ਵੀ ਛਿੱਕੇ ਟੰਗਿਆ ਗਿਆ ਹੈ।ਸਰਕਾਰ ਦਾ ਮਸਲੇ ‘ਤੇ ਧਿਆਨ ਨਾ ਦੇਣਾ ਸਰਕਾਰ ਦੀ ਮਨਸ਼ਾ ਦੱਸ ਰਿਹਾ ਹੈ ਕਿ ਉਹ ਮੁਲਾਜ਼ਮਾਂ/ ਵਿਦਿਆਰਥੀਆਂ ਨਾਲ ਹੈ ਜਾਂ ਮਨੇਜਮੈਂਟਾਂ ਨੂੰ ਨਿੱਜੀ ਜਾਗੀਰ ਬਣਾ ਲੈਣ ਵਾਲੇ ਗਰੋਹ ਨਾਲ ਹੈ? ਇਹ ਮਸਲਾ ਮਹਿਜ਼ ਅਧਿਆਪਕਾਂ ਦਾ ਨਹੀਂ ਹੈ ਉਚੇਰੀ ਸਿੱਖਿਆ ‘ਚ ਮਾਫ਼ੀਏ ਦੇ ਵੱਧਦੇ ਦਖਲ ਦਾ ਵੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਇਹਨਾਂ ਅਧਿਆਪਕਾਂ ਨੂੰ ਪੂਰੇ ਮਾਣ ਸਤਿਕਾਰ ਨਾਲ ਨੌਕਰੀ ਤੇ ਬਹਾਲ ਕਰਵਾ ਕੇ ਇਨਸਾਫ ਦੇਣਾ ਚਾਹੀਦਾ ਹੈ