ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 5975 ਲਾਭਪਾਤਰੀ ਮਹਿਲਾਵਾਂ ਨੂੰ ਦਿੱਤਾ ਲਾਭ- ਡਿਪਟੀ ਕਮਿਸ਼ਨਰ ਕਿਹਾ, ਲਾਭਪਾਤਰੀ ਮਹਿਲਾਵਾਂ ਨੂੰ ਜਾਰੀ ਹੋਈ 2 ਕਰੋੜ 37 ਲੱਖ 12 ਹਜ਼ਾਰ ਰੁਪਏ ਦੀ ਰਾਸ਼ੀ
ਫ਼ਿਰੋਜ਼ਪੁਰ 28 ਫਰਵਰੀ 2019 (ਹਰੀਸ਼ ਮੌਂਗਾ) ਮਹਿਲਾਵਾਂ ਨੂੰ ਜਣੇਪੇ ਦੌਰਾਨ ਅੰਸ਼ਿਕ ਲਾਭ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 'ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀ.ਐਮ.ਐਮ.ਵੀ.ਵਾਈ) ਤਹਿਤ ਜਨਵਰੀ 2018 ਤੋਂ ਲੈ ਕੇ ਜਨਵਰੀ 2019 ਤੱਕ 5975 ਲਾਭਪਾਤਰੀ ਮਹਿਲਾਵਾਂ ਨੂੰ ਲਾਭ ਦੇ ਕੇ 2 ਕਰੋੜ 37 ਲੱਖ 12 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ: ਚੰਦਰ ਗੈਂਦ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀ.ਐਮ.ਐਮ.ਵੀ.ਵਾਈ) ਤਹਿਤ 1 ਜਨਵਰੀ 2017 ਤੋਂ ਬਾਅਦ ਪਹਿਲੀ ਵਾਰ ਮਾਂ ਬਣਨ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ 5000 ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿਚ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 1000 ਰੁਪਏ ਦੀ ਪਹਿਲੀ ਕਿਸ਼ਤ ਦੀ ਰਾਸ਼ੀ ਗਰਭਵਤੀ ਮਹਿਲਾ ਵੱਲੋਂ ਆਂਗਣਵਾੜੀ ਵਰਕਰ ਕੋਲ ਰਜਿਸਟਰੇਸ਼ਨ ਅਤੇ ਜੱਚਾ-ਬੱਚਾ ਕਾਰਡ ਬਣਾਉਣ ਸਮੇਂ ਦਿੱਤੀ ਜਾਂਦੀ ਹੈ, ਜਦਕਿ ਦੂਜੀ ਕਿਸ਼ਤ 2 ਹਜ਼ਾਰ ਰੁਪਏ ਦੀ ਰਾਸ਼ੀ 6 ਮਹੀਨੇ ਦੀ ਗਰਭ ਅਵਸਥਾ ਦੌਰਾਨ ਡਾਕਟਰੀ ਜਾਂਚ ਤੋਂ ਬਾਅਦ ਅਤੇ ਤੀਜੀ ਕਿਸ਼ਤ 2 ਹਜ਼ਾਰ ਰੁਪਏ ਦੀ ਰਾਸ਼ੀ ਬੱਚੇ ਦੇ ਜਨਮ ਤੋਂ ਬਾਅਦ ਪਹਿਲਾ ਟੀਕਾਕਰਨ ਹੋਣ ਉਪਰੰਤ ਦਿੱਤੀ ਜਾਂਦੀ ਹੈ ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਨੇ ਇਸ ਯੋਜਨਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਕੁੱਝ ਸ਼ਰਤਾਂ ਰੱਖੀਆਂ ਗਈਆਂ ਹਨ। ਇਨ੍ਹਾਂ ਸ਼ਰਤਾਂ ਤਹਿਤ ਲਾਭਪਾਤਰੀ ਮਹਿਲਾ ਕੋਲ ਲੋੜੀਂਦੇ ਦਸਤਾਵੇਜ਼ ਆਧਾਰ ਕਾਰਡ, ਮਹਿਲਾ ਦੇ ਨਾਮ ਬੈਂਕ ਖਾਤਾ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਐਮ.ਸੀ.ਪੀ ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਮਹਿਲਾ ਜੋ ਕੇਂਦਰ ਜਾ ਰਾਜ ਸਰਕਾਰ ਦੇ ਕਰਮਚਾਰੀ ਜਾ ਅਰਧ ਸਰਕਾਰੀ ਖੇਤਰੀ ਵਿਚ ਕੰਮ ਕਰਦੀਆਂ ਹੋਣ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਹੋਰ ਜਾਣਕਾਰੀ ਲਈ ਆਪਣੇ ਸ਼ਹਿਰ ਜਾਂ ਪਿੰਡ ਦੇ ਨਜ਼ਦੀਕੀ ਆਂਗਣਵਾੜੀ ਵਰਕਰਜ਼ ਜਾਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਵੈੱਬਸਾਈਟ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।