ਪੁਲਸ ਪ੍ਰਸ਼ਾਸਨ ਨੇ ਫਾਜ਼ਿਲਕਾ ਸ਼ਹਿਰ ਵਿਚ ਕੱਢਿਆ ਫਲੈਗ ਮਾਰਚ
ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ): ਪੰਜਾਬ ਵਿਧਾਨਸਭਾ ਚੋਣਾਂ ਸਬੰਧੀ ਐਲਾਣ ਹੋਣ ਤੋਂ ਬਾਅਦ ਆਮ ਜਨਤਾ ਵਿਚ ਅਨੁਸ਼ਾਸਨ ਅਤੇ ਸੁਰੱਖਿਆ ਦੇ ਵਿਸ਼ਵਾਸ ਨੂੰ ਲੈਕੇ ਅੱਜ ਫਾਜ਼ਿਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਿਲ ਦੀ ਅਗਵਾਈ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿਚ ਪੰਜਾਬ ਪੁਲਸ ਤੋਂ ਇਲਾਵਾ ਆਰਬੀਆਈ ਅਤੇ ਬੀਐਸਐਫ ਦੇ ਜਵਾਨ ਵੀ ਸ਼ਾਮਲ ਸਨ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਚੋਣ ਜਾਬਤੇ ਤੋਂ ਬਾਅਦ ਆਮ ਲੋਕਾਂ ਵਿਚ ਇਸ ਗੱਲ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ ਕਿ ਵੋਟਾਂ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਇਲਾਕੇ ਵਿਚ ਅਮਨ ਅਤੇ ਸ਼ਾਂਤੀ ਦੇ ਨਾਲ ਵੋਟ ਪਾਉਣ ਦਾ ਕੰਮ ਸਫ਼ਲ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕ ਬਿਨਾ ਕਿਸੇ ਡੱਰ ਅਤੇ ਭੈਅ ਦੇ ਆਪਣੀ ਵੋਟ ਦੀ ਵਰਤੋਂ ਕਰਨ ਅਤੇ ਪ੍ਰਸ਼ਾਸਨ ਵੱਲੋਂ ਚੌਕਸੀ ਅਤੇ ਸੁਰੱਖਿਆ ਦ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਦੇ ਜਵਾਨਾਂ ਨੂੰ ਰਾਤ ਦੇ ਸਮੇਂ ਵੀ ਡਿਊਟੀ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਕਿਸੇ ਸਮੇਂ ਵੀ ਜੇਕਰ ਕੋਈ ਘਟਨਾਂ ਹੁੰਦੀ ਹੈ ਤਾਂ ਪੰਜਾਬ ਪੁਲਸ ਤਿਆਰ ਰਹੇ। ਜੇਕਰ ਕਿਸੇ ਨੂੰ ਵੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਪੁਲਸ ਪ੍ਰਸ਼ਾਸਨ ਦੇ ਨਾਲ ਸੰਪਰਕ ਕਰ ਸਕਦਾ ਹੈ।
ਫਲੈਗ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋਕੇ ਕਚੈਹਰੀ ਰੋਡ, ਘੰਟਾਘਰ ਚੌਕ, ਮਹਰੀਆਂ ਬਾਜ਼ਾਰ, ਗਾਂਧੀ ਚੌਕ, ਰਾਮਕੀਰਤਨ ਸਭਾ ਮੰਦਰ ਵਾਲੀ ਰੋਡ, ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਕ ਅਤੇ ਹੋਰ ਵੱਖ ਵੱਖ ਬਾਜ਼ਾਰਾਂ ਵਿਚ ਹੁੰਦਾ ਹੋਇਆ ਵਾਪਸ ਥਾਣਾ ਸਿਟੀ ਵਿਚ ਜਾਕੇ ਰੁੱਕਿਆ।
ਇਸ ਮੋਕੇ ਐਸਪੀ ਏਐਸ ਮਟਵਾਨੀ, ਡੀਐਸਪੀ ਸੁਬੇਗ ਸਿੰਘ, ਡੀਐਸਪੀ ਰਾਹੁਲ ਕੁਮਾਰ, ਡੀਐਸਪੀ ਅਬੋਹਰ ਏਆਰ ਸ਼ਰਮਾ, ਇੰਸਪੈਕਟਰ ਜੇਜੇ ਅਟਵਾਲ, ਐਸਐਚਓ ਸਦਰ ਪ੍ਰਮੋਦ ਕੁਮਾਰ ਅਤੇ ਹੋਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।