ਪਿੰਡ ਤੂਤ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਮੇਲੇ ਦਾ ਆਯੋਜਨ
ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਅਪਣਾਉਣ ਸਬੰਧੀ ਦੱਸੇ ਗੁਰ
ਕਿਸਾਨਾਂ ਨੂੰ ਸਹਾਇਕ ਧੰਦਿਆਂ, ਫੂਡ ਪ੍ਰੋਸੈਸਿੰਗ ਅਤੇ ਮੰਡੀਕਰਨ ਆਦਿ ਬਾਰੇ ਕੀਤਾ ਜਾਗਰੂਕ
ਰੁਜ਼ਗਾਰ ਸ਼ੁਰੂ ਕਰਨ ਲਈ ਬੈਂਕ ਕਰਜ਼ਿਆਂ, ਸਬਸਿਡੀਆਂ ਬਾਰੇ ਦਿੱਤੀ ਜਾਣਕਾਰੀ
ਫਿਰੋਜਪੁਰ 21 ਫਰਵਰੀ 2017 ( ) ਅਜੋਕੇ ਮੁਕਾਬਲੇ ਦੇ ਦੌਰ ਵਿਚ ਖੇਤੀਬਾੜੀ ਧੰਦੇ ਨੂੰ ਫ਼ਸਲੀ ਵਿਭਿੰਨਤਾ ਰਾਹੀਂ ਲਾਹੇਵੰਦ ਧੰਦਾ ਬਣਾਉਣ, ਵੱਖ-ਵੱਖ ਸਹਾਇਕ ਧੰਦਿਆਂ ਰਾਹੀਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ, ਫੂਡ ਪ੍ਰੋਸੈਸਿੰਗ ਅਤੇ ਮੰਡੀਕਰਨ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਸਹਾਇਕ ਧੰਦਿਆਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂੰ ਕਰਵਾਉਣ, ਕਰਜ਼ਾ ਅਤੇ ਸਬਸਿਡੀ ਆਦਿ ਬਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ, ਅਦਾਰਿਆਂ ਅਤੇ ਫਾਰਮਜ਼ ਸੈੱਲਫ਼ ਹੈਲਪ ਕਲੱਬ ਪਿੰਡ ਤੂਤ ਦੇ ਸਹਿਯੋਗ ਨਾਲ ਪਿੰਡ ਤੂਤ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਵਨੀਤ ਕੁਮਾਰ ਆਈ.ਏ.ਐਸ ਅਤੇ ਸਹਾਇਕ ਕਮਿਸ਼ਨਰ (ਜਨ:) ਸ੍ਰ. ਰਣਜੀਤ ਸਿੰਘ ਨੇ ਸਾਂਝੇ ਤੌਰ ਤੇ ਕੀਤੀ।
ਸ਼੍ਰੀ ਵਨੀਤ ਕੁਮਾਰ ਏ.ਡੀ.ਸੀ. ਵਿਕਾਸ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਚੱਕਰ ਵਿਚੋਂ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿਸਾਨ ਡੇਅਰੀ, ਮੱਛੀ ਪਾਲਣ, ਬਾਗ਼ਬਾਨੀ, ਖੁੰਭਾਂ ਦੀ ਖੇਤੀ, ਸਬਜ਼ੀਆਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ ਪਾਲਣ ਤੋਂ ਇਲਾਵਾ ਸੈੱਲਫ਼ ਹੈਲਪ ਗਰੁੱਪਾਂ ਰਾਹੀਂ ਫੂਡ ਪ੍ਰੋਸੈਸਿੰਗ ਅਤੇ ਆਪਣੀ ਪੈਕਿੰਗ ਕਰਕੇ ਆਪਣੀ ਆਮਦਨ ਵਿੱਚ ਭਾਰੀ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਨੂੰ ਅਪਣਾਉਣ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ ਅਤੇ ਉਹ ਆਰਥਿਕ ਤੌਰ ਤੇ ਖ਼ੁਸ਼ਹਾਲ ਹੋ ਸਕਣ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ.ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜ਼ਨ:) ਨੇ ਖੇਤੀਬਾੜੀ ਵਿਭਾਗ ਅਤੇ ਵੱਖ-ਵੱਖ ਕਿਸਾਨ ਸੈੱਲਫ਼ ਹੈਲਪ ਗਰੁੱਪਾਂ ਵੱਲੋਂ ਮੇਲੇ ਦਾ ਆਯੋਜਨ ਕਰਨ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਮੁਕਾਬਲੇ ਵਾਲਾ ਯੁੱਗ ਹੈ ਅਤੇ ਖੇਤੀਬਾੜੀ ਵਿਚ ਵੀ ਨਵੀਆਂ ਤਕਨੀਕਾਂ ਅਪਣਾਉਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨ ਮੇਲੇ ਵਿੱਚ ਆਏ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈ ਕੇ ਵੱਖ-ਵੱਖ ਸਹਾਇਕ ਧੰਦਿਆਂ ਰਾਹੀਂ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ ਉੱਥੇ ਹੋਰ ਲੋਕਾਂ ਲਈ ਵੀ ਰੁਜ਼ਗਾਰ ਦੇ ਰਾਹ ਖੋਲ੍ਹਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਲੜਾਈ ਝਗੜੇ ਛੱਡ ਕੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ।
ਇਸ ਸਮਾਗਮ ਵਿਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਸੈੱਲਫ਼ ਹੈਲਪ ਗਰੁੱਪਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਭਾਗ ਦੇ ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸਤਿੰਦਰ ਕੌਰ, ਡਾ. ਮੁਖ਼ਤਿਆਰ ਸਿੰਘ ਬਲਾਕ ਅਫ਼ਸਰ, ਸ: ਨਰਿੰਦਰ ਸਿੰਘ ਮੱਲੀ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਡਾ. ਰੇਸ਼ਮ ਸਿੰਘ ਸੰਧੂ ਬਲਾਕ ਖੇਤੀਬਾੜੀ ਅਫਸਰ, ਡੇਅਰੀ ਵਿਭਾਗ ਦੇ ਸ. ਬੀਰਪ੍ਰਤਾਪ ਸਿੰਘ ਗਿੱਲ, ਮੱਛੀ ਪਾਲਣ ਵਿਭਾਗ ਦੇ ਡਾ. ਰਜਿੰਦਰ ਕਟਾਰੀਆ, ਸ: ਐਸ.ਐਸ. ਧਾਲੀਵਾਲ ਜ਼ਿਲ੍ਹਾ ਲੀਡ ਬੈਂਕ ਅਫ਼ਸਰ, ਡਾ: ਜਗੀਰ ਸਿੰਘ ਖੇਤੀਬਾੜੀ ਅਫ਼ਸਰ, ਬਾਬਾ ਬੋਹੜ ਸਿੰਘ, ਗੁਰਤੇਜ ਸਿੰਘ ਪੱਤੀਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੁਲਾਰਿਆਂ ਨੇ ਕਿਸਾਨਾਂ ਨੂੰ ਸਹਾਇਕ ਧੰਦਿਆਂ, ਫੂਡ ਪ੍ਰੋਸੈਸਿੰਗ, ਮੰਡੀਕਰਨ ਅਤੇ ਸਰਕਾਰ ਵੱਲੋਂ ਬੈਂਕ ਕਰਜ਼ਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਖੇਤੀਬਾੜੀ ਵਿਚ ਫ਼ਸਲੀ ਵਿਭਿੰਨਤਾ ਲਿਆਉਣ ਲਈ ਕਿਹਾ।
ਇਸ ਮੌਕੇ ਅਗਾਂਹਵਧੂ ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਕਿਸਾਨਾਂ ਨੂੰ ਸੇਧ ਦੇਣ ਲਈ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਨ੍ਹਾਂ ਨੂੰ ਆਏ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਦੇਖਿਆ ਅਤੇ ਜਾਣਕਾਰੀ ਲਈ।
ਇਸ ਮੌਕੇ ਅਗਾਂਹਵਧੂ ਕਿਸਾਨਾਂ ਵਿੱਚ ਸ: ਗੁਰਮੀਤ ਸਿੰਘ ਤੂਤ, ਜਸਵਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਗਾਮੇ ਵਾਲਾ, ਗੁਰਦੀਪ ਸਿੰਘ ਗੁਰਾਲੀ, ਸਫਲ ਕਿਸਾਨ ਅਮਰਜੀਤ ਸਿੰਘ ਭੂਰੇ ਕਲਾ, ਫਾਰਮ ਸੈੱਲਫ਼ ਹੈਲਪ ਕਲੱਬ ਪਿੰਡ ਤੂਤ ਦੇ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਅਰਵਿੰਦਰ ਸਿੰਘ, ਖ਼ਜ਼ਾਨਚੀ ਮਨਦੀਪ ਸਿੰਘ, ਸੈਕਟਰੀ ਬਲਰਾਜ ਸਿੰਘ, ਮੈਂਬਰ ਸ.ਸਤਵਿੰਦਰ ਸਿੰਘ, ਬਲਕਰਨ ਸਿੰਘ, ਗੁਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਹਾਜ਼ਰ ਸਨ, ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਫਿਰੋਜਪੁਰ ਡਾ.ਸਤਿੰਦਰ ਕੌਰ ਨੇ ਆਏ ਹੋਏ ਸਾਰੇ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।