ਪਿੰਡ ਆਲਮਸ਼ਾਹ ਦੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਦੀ ਹਾਲਤ ਖਸਤਾ
ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ): ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਆਲਮਸ਼ਾਹ ਵਿਚ ਕਈ ਵਰ੍ਹਿਆਂ ਪਹਿਲਾਂ ਬਣੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਜਰਜਰ ਹਾਲਤ ਵਿਚ ਹੈ। ਜਿਸ ਕਾਰਨ ਟੈਂਕੀ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਅਤੇ ਪਿੰਡ ਵਾਸੀਆਂ ਵਿਚ ਡੱਰ ਦਾ ਮਹੋਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜਸੰਵਤ ਸਿੰਘ,ਜਗਦੀਪ ਕੰਬੋਜ, ਮੈਂਬਰ ਪਚਾਇਤ ਲੁਭਾਇਆ ਰਾਮ, ਅਨਿਲ ਕੁਮਾਰ, ਕਮਲੇਸ਼ ਕੁਮਾਰ, ਸਤੀਸ਼ ਕੁਮਾਰ, ਰਾਜ ਕੁਮਾਰ, ਗੁਰਸੇਵਕ ਕੁਮਾਰ, ਪੂਰਨ ਚੰਦ ਨੇ ਦੱਸਿਆ ਕਿ ਪਿੰਡ ਵਿਚ ਉਕਤ ਵਾਟਰ ਵਰਕਸ ਦੇ ਪਾਣੀ ਵਾਲੀ ਟੈਂਕੀ ਬੀਤੇ ਕਈ ਵਰ੍ਹੇ ਪਹਿਲਾਂ ਬਣਾਈ ਗਈ ਸੀ ਜੋ ਕੁਝ ਸਮੇਂ ਪਹਿਲਾਂ ਖਰਾਬ ਹੋ ਗਈ ਸੀ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਫਿਰ ਤੋਂ ਨਵੀਂ ਟੈਂਕੀ ਬਣਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਵੀਂ ਟੈਂਕੀ ਬਣਨ ਤੋਂ ਬਾਅਦ ਉਕਤ ਪੁਰਾਣੀ ਟੈਂਕੀ ਨੂੰ ਤੋੜਿਆਂ ਨਹੀ ਗਿਆ। ਪੁਰਾਣੀ ਪਾਣੀ ਵਾਲੀ ਟੈਂਕੀ ਜਰਜਰ ਹਾਲਤ ਵਿਚ ਹੈ ਅਤੇ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਜਿਸ ਕਾਰਨ ਟੈਂਕੀ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਅਤੇ ਪਿੰਡ ਵਾਸੀਆਂ ਵਿਚ ਡੱਰ ਦਾ ਮਹੋਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਟੈਂਕੀ ਦੇ ਨੇੜੇ ਇੱਕ ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਵੀ ਹੈ ਅਤੇ ਉਕਤ ਸਕੂਲ ਦੇ ਛੋਟੇ ਛੋਟੇ ਬੱਚੇ ਟੈਂਕੀ ਦੇ ਨੇੜੇ ਖੇਡਦੇ ਰਹਿੰਦੇ ਹਨ। ਇਸ ਤੋਂ ਇਲਾਵਾ ਟੈਂਕੀ ਦੇ ਨੇੜੇ ਵਾਟਰ ਵਰਕਸ ਦੇ ਮਾਲੀ ਦਾ ਘਰ ਵੀ ਹੈ ਅਤੇ ਕਈ ਪਿੰਡ ਵਾਸੀ ਉੱਥੇ ਆਪਣੇ ਪਸੂ ਵੀ ਬਨਦੇ ਹਨ। ਜਿਸ ਦੇ ਚਲਦੇ ਉਕਤ ਟੈਂਕੀ ਡਿੱਗ ਜਾਣ ਕਾਰਨ ਕਦੇ ਵੀ ਕੋਈ ਘਟਨਾਂ ਵਾਪਰ ਸਕਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਵਾਟਰ ਵਰਕਸ ਦੀ ਪੁਰਾਣੀ ਟੈਂਕੀ ਦੀ ਹਾਲਤ ਸਬੰਧੀ ਪਹਿਲਾਂ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਜਲਦੀ ਇਸ ਟੈਂਕੀ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪਿੰਡ ਵਾਸੀ ਵਿਭਾਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।
ਜਦੋ ਇਸ ਸਬੰਧ ਵਿਚ ਵਾਟਰ ਸਪਲਾਈ ਵਿਭਾਗ ਦੇ ਇੰਜੀਨੀਅਰਿੰਗ ਅਸਿਸਟੈਂਟ ਰਜਿੰਦਰ ਕੁਮਾਰ
ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਪਚਾਇਤ ਵੱਲੋਂ ਪਾਣੀ ਵਾਲੀ ਟੈਂਕੀ ਦੀ ਹਾਲਤ ਸਬੰਧੀ ਇੱਕ ਮੱਤਾ ਪਾ ਕੇ ਵਿਭਾਗ ਨੂੰ ਦਿੱਤਾ ਜਾਵੇ। ਜਿਸ ਤੋਂ ਬਾਅਦ ਇਸ ਟੈਂਕੀ ਸਬੰਧੀ ਕਾਰਵਾਈ ਕੀਤੀ ਜਾਵੇਗੀ।