ਦੋ 315 ਬੋਰ ਦੇ ਪਿਸਤੌਲਾਂ ਸਮੇਤ ਇਕ ਕਾਬੂ -ਪੁਲਿਸ ਨੇ ਕੀਤਾ ਆਰਮਜ਼ ਐਕਟ ਤਹਿਤ ਮਾਮਲਾ ਦਰਜ
ਫਿਰੋਜ਼ਪੁਰ: ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਵਲੋਂ ਸ਼ਰਾਰਤੀ ਅਨਸਰਾਂ ਅਤੇ ਨਸ਼ਾ ਸਮਗਲਰਾਂ ਖਿਲਾਫ ਚਲਾਈ ਗਈ ਵਿਸੇਸ਼ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਨਾਕੇਬੰਦੀ ਦੇ ਦੌਰਾਨ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਦੇਸੀ ਕੱਟਾ 315 ਬੋਰ ਸਮੇਤ ਗ੍ਰਿਫਤਾਰ ਕੀਤਾ ਗਿਆ। ਨਾਰਕੋਟਿਕ ਸੈੱਲ ਫਿਰੋਜ਼ਪੁਰ ਵਲੋਂ ਫੜੇ ਗਏ ਵਿਅਕਤੀ ਦੀ ਨਿਸ਼ਾਨਦੇਹੀ ਤੇ ਇਕ ਹੋਰ ਦੇਸੀ ਕੱਟਾ 315 ਬੋਰ ਬਰਾਮਦ ਹੋਇਆ। ਇਸ ਸਬੰਧ ਵਿਚ ਥਾਣਾ ਘੱਲ ਖੁਰਦ ਦੀ ਪੁਲਿਸ ਨੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਰੱਤਾ ਖੇੜਾ ਇਲਾਕੇ ਵਿਚ ਗਸ਼ਤ ਦੇ ਸਬੰਧ ਵਿਚ ਮੌਜ਼ੂਦ ਸਨ। ਇੰਦਰਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਰੱਤਾ ਖੇੜਾ ਬਾਜਾ ਕੋਤਵਾਲ ਦਾ ਰਹਿਣ ਵਾਲਾ ਯਾਦੂ ਜਿਸ ਦੀ ਪਿੰਡ ਵਿਚ ਜਮੀਨੀ ਵਿਵਾਦ ਨੂੰ ਲੈ ਕੇ ਬੋਲਬੁਲਾਰਾ ਹੈ ਅਤੇ ਉਹ ਦੇਸੀ ਕੱਟਾ 315 ਬੋਰ ਆਪਣੇ ਨਾਲ ਰੱਖਦਾ ਹੈ। ਪੁਲਿਸ ਨੇ ਦੱਸਿਆ ਕਿ ਮੁਖਬਰ ਤੋਂ ਜਾਣਕਾਰੀ ਮਿਲਣ ਤੋਂ ਮਗਰੋਂ ਉਹ ਆਪਣੀ ਟੀਮ ਸਮੇਤ ਪਿੰਡ ਰੱਤਾ ਖੇੜਾ ਦੇ ਚੌਂਕ ਤੇ ਨਾਕੇਬੰਦੀ ਕਰਕੇ ਸ਼ੱਕੀ ਲੋਕਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਯਾਦਵਿੰਦਰ ਸਿੰਘ ਯਾਦੂ ਨਾਮ ਦਾ ਵਿਅਕਤੀ ਵੀ ਚੌਂਕ ਦੇ ਵੱਲ ਹੀ ਆ ਰਿਹਾ ਸੀ, ਜਿਸ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ ਤਾਂ ਉਸ ਦੇ ਕੋਲੋਂ ਇਕ ਦੇਸੀ ਕੱਟਾ 315 ਬੋਰ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਯਾਦੂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ, ਜਿਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨਿਆ ਕਿ ਉਸ ਦੇ ਕੋਲ ਇਕ ਹੋਰ 315 ਬੋਰ ਦਾ ਦੇਸੀ ਕੱਟਾ ਪਿਸਤੌਲ ਹੈ। ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਯਾਦੂ ਦੇ ਦੱਸਣ ਮੁਤਾਬਿਕ ਜਦੋਂ ਅੱਜ ਸਵੇਰੇ ਪਿੰਡ ਰੱਤਾ ਖੇੜਾ ਬਾਜਾ ਕੋਤਵਾਲ ਵਿਖੇ ਛਾਪੇਮਾਰੀ ਕਰਕੇ ਯਾਦਵਿੰਦਰ ਸਿੰਘ ਉਰਫ ਯਾਦੂ ਪੁੱਤਰ ਬਲਜਿੰਦਰ ਸਿੰਘ ਦੇ ਘਰੋਂ ਦੇਸੀ ਕੱਟਾ 315 ਬੋਰ ਪਿਸਤੌਲ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਉਕਤ ਵਿਅਕਤੀ ਦੇ ਖਿਲਾਫ 25, 54 59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।