Ferozepur News

ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦਾ ਆਯੋਜਨ ਹਰੇਕ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਵਜੋਂ ਮਨਾਇਆ ਜਾਵੇ: ਡਿਪਟੀ ਕਮਿਸ਼ਨਰ ਸ਼ਹਿਰ ਦੇ ਹਰ ਇਲਾਕੇ ਵਿੱਚ ਫੋਗਿੰਗ ਕਰਵਾਉਣ ਦਾ ਆਦੇਸ਼

ਫ਼ਿਰੋਜ਼ਪੁਰ 14 ਜੂਨ 2018 (Pankaj Madan       ) ਸਿਹਤ ਵਿਭਾਗ ਅਧੀਨ ਚੱਲ ਰਹੇ ਐਨ.ਵੀ.ਬੀ.ਡੀ.ਸੀ.ਪੀ ਪ੍ਰੋਗਰਾਮ ਅਧੀਨ ਆਮ ਲੋਕਾਂ ਨੂੰ ਡੇਂਗੂ ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਓ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆ ਮੀਟਿੰਗ ਕੀਤੀ ਗਈ। ਜਿਸ ਵਿੱਚ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਣ ਦੀ ਸਾਰੇ ਵਿਭਾਗਾਂ ਦੇ ਮੁਖੀਆ ਨੂੰ ਹਦਾਇਤ ਕੀਤੀ ਗਈ।  ਇਸ ਮੌਕੇ ਸਿਵਲ ਸਰਜਨ ਡਾ ਗੁਰਮਿੰਦਰ ਸਿੰਘ, ਜ਼ਿਲ੍ਹਾ ਐਪੀਡੀਮਾਲੋਜਿਸਟ ਅਫਸਰ ਡਾ. ਮੀਨਾਕਸ਼ੀ ਢੀਂਗਰਾ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਤੋ ਆਏ ਮੁਖੀਆ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੇ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਵੱਲੋਂ ਕਾਰਜ ਸਾਧਕ ਅਫ਼ਸਰ, ਮਿਉਨਸੀਪਲ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਉਹ ਇਕ ਸ਼ਡਿਊਲ ਬਣਾ ਕੇ ਸ਼ਹਿਰ ਦੇ ਹਰ ਇਲਾਕੇ ਵਿਚ ਫੋਗਿੰਗ ਕਰਵਾਉਣ ਅਤੇ ਫੋਗਿੰਗ ਤੋ ਪਹਿਲਾ ਲੋਕਾਂ ਨੂੰ ਇਸ ਸਬੰਧ ਵਿਚ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਮੁਖੀਆ ਨੂੰ ਹਦਾਇਤ ਕੀਤੀ ਕਿ ਆਪਣੇ ਦਫ਼ਤਰ ਅਧੀਨ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋ ਮਨਾਇਆ ਜਾਵੇ, ਇਸ ਦੌਰਾਨ ਦਫ਼ਤਰ ਵਿਚ ਲੱਗੇ ਕੂਲਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਖਾਇਆ ਜਾਵੇ। ਇਸ ਦੇ ਨਾਲ ਨਾਲ ਦਫ਼ਤਰ ਅਧੀਨ ਪਏ ਫ਼ਰਿੱਜ ਦੇ ਪਿੱਛੇ ਲੱਗੀ ਫ਼ਾਲਤੂ ਪਾਣੀ ਵਾਲੀ ਟ੍ਰੇਅ ਨੂੰ ਹਫਤੇ ਵਿੱਚ 1 ਵਾਰ ਖ਼ਾਲੀ ਕਰਕੇ ਸਾਫ਼ ਕੀਤਾ ਜਾਵੇ। ਦਫਤਰ ਦੀ ਛੱਤ ਦੇ ਉੱਪਰ ਪਏ ਕਬਾੜ ਨੂੰ ਚੁਕਵਾਇਆ ਜਾਵੇ ਤਾਂ ਜੋ ਉਨ੍ਹਾਂ ਵਿਚ ਬਾਰਿਸ਼ ਦਾ ਪਾਣੀ ਇਕੱਠਾ ਨਾ ਹੋ ਸਕੇ। 
ਉਨ੍ਹਾਂ ਨੇ ਕਿਹਾ ਕਿ ਆਪਣੇ ਘਰ ਦੇ ਅੰਦਰ ਅਤੇ ਛੱਤਾਂ ਉੱਪਰ ਪਏ ਫ਼ਾਲਤੂ ਸਮਾਨ ਦਾ ਨਿਪਟਾਰਾ ਕਰਵਾਇਆ ਜਾਵੇ। ਕੂਲਰਾਂ, ਪਾਣੀ ਦੀਆਂ ਟੈਂਕੀਆਂ, ਹੋਦੀਆਂ, ਫ਼ਰਿਜ ਪਿੱਛੇ ਲੱਗੀ ਫ਼ਾਲਤੂ ਪਾਣੀ ਦੀ ਟ੍ਰੇਅ ਨੂੰ ਹਫ਼ਤੇ ਵਿਚ 1 ਦਿਨ ਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਘਰ ਜਾਂ ਦਫ਼ਤਰ ਵਿਚ ਇਕੱਠੇ ਹੋਏ ਪਾਣੀ ਵਿਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫ਼ਤਰ ਦੇ ਮੁਖੀ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ 500 ਤੋ 11000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਰੋਡਵੇਜ਼ ਅਤੇ ਰੇਲਵੇ ਵਿਭਾਗ ਤੋਂ ਆਏ ਹੋਏ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤ ਕੀਤੀ ਕਿ ਆਪਣੇ ਅਧੀਨ ਆਉਂਦੇ ਰਕਬੇ ਵਿਚ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਪਾਣੀ ਨੂੰ ਇੱਕ ਜਗ੍ਹਾ ਇਕੱਠਾ ਨਾ ਹੋਣ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਕੋਤਾਹੀ ਵਰਤੀ ਗਈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਾ ਗੁਰਮਿੰਦਰ ਸਿੰਘ ਸਿਵਲ ਸਰਜਨ ਨੇ ਡੇਂਗੂ ਦੇ ਲੱਛਣਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਦੀ ਰੋਕਥਾਮ ਬਾਰੇ ਦੱਸਿਆ। ਉਨ੍ਹਾਂ ਕਿਹਾ ਇਸ ਸਾਲ 2018 ਵਿਚ ਮਹੀਨਾ ਜੂਨ ਤੱਕ ਮਲੇਰੀਆ ਦੇ 4 ਕੇਸ ਅਤੇ ਡੇਂਗੂ, ਚਿਕਨਗੁਨਿਆ ਦਾ ਕੋਈ ਕੇਸ ਨਹੀਂ ਹੈ। ਉਨ੍ਹਾਂ ਮਲੇਰੀਆ, ਡੇਂਗੂ  ਅਤੇ ਚਿਕਨਗੁਨੀਆ ਬੁਖ਼ਾਰ ਦੀ ਰੋਕਥਾਮ ਅਤੇ ਬਚਾਓ ਲਈ ਵੱਖ-ਵੱਖ ਵਿਭਾਗਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਡਾ. ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਐਪੀਡੀਮਾਲੋਜਿਸਟ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ਼ ਨੂੰ ਮਲੇਰੀਆ, ਡੇਂਗੂ  ਅਤੇ ਚਿਕਨਗੁਨੀਆ ਬੁਖ਼ਾਰ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈੱਸਟ ਅਤੇ ਇਲਾਜ ਸਿਵਲ ਹਸਪਤਾਲ ਫ਼ਿਰੋਜਪੁਰ ਵਿਚ ਮੁਫ਼ਤ ਕਰਵਾ ਸਕਦਾ ਹੈ। 
ਇਸ ਮੌਕੇ ਡੀ.ਡੀ.ਪੀ.ਓ. ਸ. ਹਰਜਿੰਦਰ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਸਮੂਹ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ, ਪ੍ਰਧਾਨ ਆਈ.ਐਮ.ਏ, ਪ੍ਰਧਾਨ ਐਨ.ਆਈ.ਐਮ.ਏ, ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਡਾ.ਯੁਵਰਾਜ ਨਾਰੰਗ ਜ਼ਿਲ੍ਹਾ ਐਪੀਡੀਮਾਲੋਜਿਸਟ, ਸੁਰੇਸ਼ ਕੁਮਾਰ, ਸਤਪਾਲ ਸਿੰਘ, ਰੂਰਲ ਮੈਡੀਕਲ ਅਫ਼ਸਰ, ਡਾ. ਤਰੁਣਪਾਲ ਕੌਰ ਸੋਢੀ ਸਮੇਤ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। 
 
 

Related Articles

Back to top button