ਡਿਪਟੀ ਕਮਿਸ਼ਨਰ ਨੇ ਕੋਰੋਨਾ ਯੋਧਿਆਂ ਦੇ ਬੈਜ਼ਿਜ ਲਗਾ ਕੇ ਉਨ੍ਹਾਂ ਨੂੰ ਮਿਸ਼ਨ ਫ਼ਤਿਹ ਤਹਿਤ ਕੀਤਾ ਸਨਮਾਨਿਤ
ਕੋਰੋਨਾ ਯੋਧੇ ਮਿਸ਼ਨ ਫ਼ਤਿਹ ਵਿਚ ਸ਼ਾਮਲ ਹੋ ਕੇ ਲੋਕਾਂ ਨੂੰ ਕੋਵਿਡ19 ਦੀਆਂ ਸਾਵਧਾਨੀਆਂ ਪ੍ਰਤੀ ਕਰਨਗੇ ਜਾਗਰੂਕ
ਫਿਰੋਜ਼ਪੁਰ 15 ਜੂਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਡਿਪਟੀ ਕਮਿਸ਼ਨ ਸ੍ਰ: ਕੁਲਵੰਤ ਸਿੰਘ ਵੱਲੋਂ ਕੋਰੋਨਾ ਯੋਧਿਆਂ ਨੂੰ ਮਿਸ਼ਨ ਫ਼ਤਿਹ ਦੇ ਬੈਜਿਜ ਲਗਾ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਹ ਯੋਧੇ ਹੁਣ ਲੋਕਾਂ ਨੂੰ ਕੋਰੋਨਾ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨਗੇ।
ਇਸ ਸਬੰਧੀ ਵਿਸਥਾਰ ਨਾਲ ਦੱਸਦਿਆਂ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਅਤੇ ਇਸ ਸਬੰਧੀ ਸਮੇਂ ਸਮੇਂ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਣੂ ਕਰਵਾਉਣ ਲਈ ਮਿਸ਼ਨ ਫ਼ਤਿਹ ਚਲਾਇਆ ਗਿਆ ਹੈ। ਇਸ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਸਿਹਤ ਵਿਭਾਗ, ਪੁਲਸ ਵਿਭਾਗ, ਨਗਰ ਕੌਂਸਲ, ਫੂਡ ਸਪਲਾਈ ਸਮੇਤ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਐਨਜੀਓ ਦੇ ਮੈਂਬਰ ਜਿਨ੍ਹਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਚ ਫਰੰਟਲਾਈਨ ਤੇ ਕੰਮ ਕੀਤਾ ਹੈ ਉਨ੍ਹਾਂ ਨੂੰ ਬੈਜਿਜ਼ ਲਗਾ ਕੇ ਮਿਸ਼ਨ ਫ਼ਤਿਹ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਕੋਰੋਨਾ ਯੋਧੇ ਹੁਣ ਮਿਸ਼ਨ ਫ਼ਤਿਹ ਯੋਧੇ ਬਣ ਕੇ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਕੋਰੋਨਾ ਸਬੰਧੀ ਸਾਵਧਾਨੀਆਂ ਜਿਵੇਂ ਕਿ ਮਾਸਕ ਪਹਿਨਣਾ, ਸਮੇਂ ਸਮੇਂ ਤੇ ਹੱਥ ਧੋਣਾ, ਸੋਸ਼ਲ ਡਿਸਟੈਂਸਿੰਗ ਬਣਾਉਣਾ ਆਦਿ ਸਬੰਧੀ ਜਾਗਰੂਕ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਕਰੋਨਾ ਯੋਧੇ ਜਿੱਥੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਉੱਥੇ ਹੀ ਜੇਕਰ ਕਰੋਨਾ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਮਿਲਦਾ ਹੈ ਤਾਂ ਉਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨਗੇ ਤਾਂ ਜੋ ਉਸ ਦੀ ਟੈਸਟਿੰਗ ਅਤੇ ਇਲਾਜ ਸਬੰਧੀ ਸਮੇਂ ਸਿਰਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਜੋ ਕਿ ਲੋਕਾਂ ਦਾ ਮਿਸ਼ਨ ਹੈ ਅਤੇ ਲੋਕਾਂ ਲਈ ਹੈ ਨੂੰ ਸਫਲ ਬਣਾਉਣ ਅਤੇ ਕਰੋਨਾ ਦੀ ਰੋਕਥਾਮ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਐਸਡੀਐਮ ਅਮਿੱਤ ਗੁਪਤਾ, ਸਹਾਇਕ ਕਮਿਸ਼ਨਰ ਸ੍ਰ: ਰਵਿੰਦਰ ਅਰੋੜਾ, ਸਿਵਲ ਸਰਜਨ ਡਾ. ਨਵਦੀਪ ਸਿੰਘ, ਕਾਰਜ ਸਾਧਕ ਅਫਸਰ ਸ੍ਰ: ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।