Ferozepur News
ਟ੍ਰੈਫ਼ਿਕ ਸਿੱਖਿਆ ਸੈੱਲ ਫ਼ਿਰੋਜ਼ਪੁਰ ਵੱਲੋਂ ਟ੍ਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਦਾ ਆਯੋਜਨ ਨਸ਼ਿਆਂ ਦਾ ਤਿਆਗ ਕਰਕੇ ਸੜਕੀਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਵੱਡੀ ਗਿਣਤੀ ਵਿਚ ਯੁਵਕਾਂ ਨੂੰ ਟ੍ਰੈਫ਼ਿਕ ਸਬੰਧੀ ਕੀਤਾ ਗਿਆ ਜਾਗਰੂਕ
ਫ਼ਿਰੋਜ਼ਪੁਰ 23 ਜੂਨ 2018 (Manish Bawa ) ਅੱਜ ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਈਟ) ਪਿੰਡ ਹਕੂਮਤ ਸਿੰਘ ਵਾਲਾ ਵਿਖੇ ਫ਼ੌਜ ਦੀ ਭਰਤੀ ਸਬੰਧੀ ਚੱਲ ਰਹੇ ਕੈਪ ਦੌਰਾਨ ਟ੍ਰੈਫ਼ਿਕ ਸਿੱਖਿਆ ਸੈੱਲ ਫ਼ਿਰੋਜ਼ਪੁਰ ਵੱਲੋਂ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਣੂੰ ਕਰਵਾਉਣ ਲਈ ਸੈਮੀਨਾਰ ਕਰਵਾਇਆ। ਇਹ ਜਾਣਕਾਰੀ ਸੀ-ਪਾਈਟ ਇੰਚਾਰਜ ਮੇਜਰ ਅਮਰਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਸਿੱਖਿਆ ਸੈੱਲ ਫ਼ਿਰੋਜ਼ਪੁਰ ਏ.ਐਸ.ਆਈ ਸ੍ਰ.ਬਲਦੇਵ ਸਿੰਘ ਕਿਸ਼ਨ, ਏ.ਐਸ.ਆਈ ਸ੍ਰੀ.ਰਾਜ ਕੁਮਾਰ ਟ੍ਰੈਫ਼ਿਕ ਇੰਚਾਰਜ ਤਲਵੰਡੀ ਭਾਈ, ਸ੍ਰ.ਲਖਵੀਰ ਸਿੰਘ, ਸ੍ਰ.ਗੁਰਮੇਜ ਸਿੰਘ ਹੌਲਦਾਰ ਅਤੇ ਸ਼ਬਨਮ ਬਾਨਾ ਲੇਡੀ ਕਾਂਸਟੇਬਲ ਐਜੂਕੇਸ਼ਨ ਸੈੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਿਨਾਂ ਗੇਅਰ ਵਾਲੇ ਵਾਹਨ ਚਲਾਉਣੇ ਚਾਹੀਦੇ ਹਨ ਅਤੇ 18 ਤੋਂ 21 ਸਾਲ ਦੀ ਉਮਰ ਦੇ ਵਿਦਿਆਰਥੀ ਗੇਅਰ ਵਾਲੇ ਵਾਹਨ ਚਲਾ ਸਕਦੇ ਹਨ। ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਸੜਕ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਇਸ ਮੌਕੇ ਸਾਈਨ ਮਾਰਕਿੰਗ, ਓਵਰਟੇਕ ਅਤੇ ਲਿੰਕ ਰੋਡ ਤੋ ਹਾਈਵੇ ਤੇ ਚੜ੍ਹਨ ਦੇ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦੋ ਪਹਿਆ ਵਾਹਨ ਸਾਨੂੰ ਹੈਲਮਟ ਪਾ ਕੇ ਹੀ ਚਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਨਾਲ ਅਤੇ ਨਸ਼ਿਆਂ ਦੇ ਸੇਵਨ ਕਰਨ ਨਾਲ ਹਾਦਸੇ ਵਾਪਰਨ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਇਸ ਲਈ ਡਰਾਈਵਰਾਂ ਨੂੰ ਹਮੇਸ਼ਾ ਨਸ਼ਿਆਂ ਦਾ ਤਿਆਗ ਕਰਕੇ ਟ੍ਰੈਫ਼ਿਕ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ ਤਾਂ ਜੋ ਸੜਕੀਂ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਯੁਵਕਾਂ ਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ ਅਤੇ ਟ੍ਰੈਫ਼ਿਕ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ।