Ferozepur News
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਬਾਬਾ ਕੁੰਦਨ ਸਿੰਘ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਰੰਗਮੰਚ ਦਿਵਸ
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਬਾਬਾ ਕੁੰਦਨ ਸਿੰਘ ਕਾਲਜ ਵਿਖੇ ਮਨਾਇਆ ਗਿਆ ਵਿਸ਼ਵ ਰੰਗਮੰਚ ਦਿਵਸ

ਫ਼ਿਰੋਜ਼ਪੁਰ, 27 ਮਾਰਚ, 2025: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਸੁਚੱਜੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਡਾ. ਜਗਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਸਮਾਗਮ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਵਿਖੇ ਕਰਵਾਇਆ ਗਿਆ।
ਇਸ ਮੌਕੇ ਨਟਰਾਜ ਰੰਗਮੰਚ ਕੋਟਕਪੂਰਾ ਵੱਲੋਂ ਰੰਗ ਹਰਜਿੰਦਰ ਦੀ ਨਿਰਦੇਸ਼ਨਾ ਅਧੀਨ ਸ਼ਮਿੰਦਰ ਸਨੀ ਦੇ ਲਿਖੇ ਹੋਏ ਨਾਟਕ ‘ਬੰਬੀਹਾ ਬੋਲੇ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਪੰਜਾਬੀ ਗਾਇਕੀ ਵਿੱਚ ਪੇਸ਼ ਹੋ ਰਹੀ ਲੱਚਰਤਾ ਅਤੇ ਸਮਕਾਲ ਵਿਚ ਨਸ਼ਿਆਂ ਦਾ ਪ੍ਰਕੋਪ ਝੱਲ ਰਹੇ ਪੰਜਾਬ ਨੂੰ ਇਸ ਨਾਟਕ ਵਿੱਚ ਬਹੁਤ ਹੀ ਤਿੱਖੇ ਰੂਪ ਵਿੱਚ ਉਭਾਰਿਆ ਗਿਆ ਅਤੇ ਨੌਜਵਾਨ ਵਰਗ ਨੂੰ ਇਹਨਾਂ ਅਲਾਮਤਾਂ ਵਿਰੁੱਧ ਲੜਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਸੁਨੇਹਾ ਦਿੱਤਾ ਗਿਆ। ਇਸ ਨਾਟਕ ਵਿੱਚ ਪ੍ਰਮੁੱਖ ਭੂਮਿਕਾਵਾਂ ਰੰਗ ਹਰਜਿੰਦਰ, ਸੁਖਵਿੰਦਰ ਬਿੱਟੂ, ਮਿੰਟੂ ਮਲਵਈ, ਜੌਨ ਮਸੀਹ ਅਤੇ ਅਨਹਦ ਗੋਪੀ ਨੇ ਨਿਭਾਈਆਂ।
ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਡਾ. ਸੁਰਜੀਤ ਸਿੰਘ ਸਿੱਧੂ ਚੇਅਰਮੈਨ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਰੰਗਮੰਚ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਸਮਾਗਮ ਕਰਨ ਲਈ ਇਸ ਕਾਲਜ ਦੀ ਚੋਣ ਕੀਤੀ ਗਈ। ਆਪਣੇ ਫਿਲਮੀ ਜੀਵਨ ਦੇ ਸਫ਼ਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਲਾ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਆਪਸ ਵਿੱਚ ਪ੍ਰੇਮ ਭਾਵਨਾ ਅਤੇ ਭਾਈਚਾਰਕ ਸਾਂਝ ਕਾਇਮ ਰੱਖ ਸਕਦੇ ਹਾਂ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਵਿਸ਼ਵ ਰੰਗਮੰਚ ਦਿਵਸ ਦੇ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਹੋਇਆਂ ਵਿਸ਼ਵ ਰੰਗਮੰਚ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਸ ਦਿਹਾੜੇ ਨੂੰ ਮਨਾਉਣ ਦਾ ਪ੍ਰਮੁੱਖ ਉਦੇਸ਼ ਪੂਰੇ ਵਿਸ਼ਵ ਵਿੱਚ ਆਪਸੀ ਸਦਭਾਵਨਾ ਅਤੇ ਪ੍ਰੇਮ ਪਿਆਰ ਦੀ ਸਾਂਝ ਨੂੰ ਕਾਇਮ ਰੱਖਣਾ ਹੈ। ਉਹਨਾਂ ਕਿਹਾ ਕਿ 1962 ਤੋਂ ਪੂਰੇ ਵਿਸ਼ਵ ਵਿੱਚ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇਸ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਬ੍ਰਾਜ਼ੀਲ ਵਿੱਚ 27 ਮਾਰਚ ਤੋਂ 30 ਮਾਰਚ ਤੱਕ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਸਾਲ ਰੰਗਮੰਚ ਨਾਲ ਸੰਬੰਧਿਤ ਕਿਸੇ ਪ੍ਰਮੁੱਖ ਹਸਤੀ ਵੱਲੋਂ ਪੂਰੇ ਵਿਸ਼ਵ ਨੂੰ ਇਸ ਦਿਹਾੜੇ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਇਸ ਵਾਰ ਰੰਗਮੰਚ ਦਿਹਾੜੇ ਦਾ ਥੀਮ ‘ਰੰਗਮੰਚ ਰਾਹੀਂ ਸੱਭਿਆਚਾਰਕ ਅਮਨ’ ਹੈ ਅਤੇ ਇਸ ਸਾਲ ਗਰੀਸ ਦੇ ਉੱਘੇ ਨਿਰਦੇਸ਼ਕ ਅਤੇ ਲੇਖਕ ਥੀਓਡੋਰੋਸ ਟੇਰਜ਼ੋਪੌਲੋਸ ਨੇ ਵਿਸ਼ਵ ਰੰਗਮੰਚ ਦਿਵਸ ਉੱਤੇ ਸੁਨੇਹਾ ਦਿੱਤਾ।
ਇਸ ਮੌਕੇ ‘ਤੇ ਉੱਘੇ ਲੋਕ ਗਾਇਕ ਅਨਹਦ ਗੋਪੀ ਨੇ ਆਪਣੇ ਜੋਸ਼ੀਲੇ ਗੀਤ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਅਲਾਮਤਾਂ ਵਿਰੁੱਧ ਲੜਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ‘ਤੇ ਸਰਦਾਰ ਸੁਖ ਗਿੱਲ ਪ੍ਰਧਾਨ ਕਿਸਾਨ ਯੂਨੀਅਨ, ਪੰਜਾਬ ਤੋਤਾ ਸਿੰਘ ਵਾਲਾ, ਪ੍ਰੋ. ਅਰਵਿੰਦਰ ਪਾਲ ਸਿੰਘ ਸਿੱਧੂ, ਪ੍ਰੋ. ਮਨਿੰਦਰ ਪਾਲ ਸਿੰਘ ਸਿੱਧੂ, ਪ੍ਰੋ.ਰਵਿੰਦਰਜੀਤ ਕੌਰ, ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਪਰਵਿੰਦਰ ਕੌਰ, ਪ੍ਰੋ. ਸੀਮਾ ਗਰੋਵਰ, ਪ੍ਰੋ. ਸੁਖਪਾਲ ਸਿੰਘ, ਪ੍ਰੋ. ਨਵਨੀਤ ਸੇਖੋਂ ਸ. ਲਵਜੀਤ ਸਿੰਘ ਗਿੱਲ, ਪ੍ਰੋ. ਰਾਕੇਸ਼ ਭੱਲਾ, ਸੀਨੀਅਰ ਸਹਾਇਕ ਰਮਨ ਕੁਮਾਰ ਤੋਂ ਇਲਾਵਾ ਕਾਲਜ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ। ਵਿਸ਼ਵ ਰੰਗਮੰਚ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਚੇਤਨ ਕੁਮਾਰ ਦੀ ਅਗਵਾਈ ਵਿੱਚ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।