Ferozepur News

ਗੌਰਮਿੰਟ ਟੀਚਰਜ਼ ਯੂਨੀਅਨ ਨੇ ਕਿਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ। 

ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਨੇ ਅੱਜ ਅਧਿਆਪਕਾਂ ਦੀ ਹੱਕੀ ਮੰਗਾਂ ਦੀ ਅਣਦੇਖੀ ਕਰਨ ਵਾਲੀ, ਪੰਜਾਬ ਦੀ  ਸਿੱਖਿਆ ਮੰਤਰੀ  ਸ੍ਰੀਮਤੀ  ਅਰੂਣਾ ਚੌਧਰੀ ਦੀ ਦੀਨਾਨਗਰ ਸਥਿਤ ਕੋਠੀ ਦਾ ਘਿਰਾਓ ਕੀਤਾ। 

 

     ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਨੇ ਅੱਜ ਸਿੱਖਿਆ ਮੰਤਰੀ ਪੰਜਾਬ ਦੀ ਅਧਿਆਪਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਦੀਨਾਨਗਰ ਸਥਿਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ। ਇਸ ਘਿਰਾਓ ਵਿੱਚ ਪੰਜਾਬ ਭਰ ਤੋਂ ਯੂਨੀਅਨ ਅਹੁਦੇਦਾਰਾਂ ਦੇ ਨਾਲ ਨਾਲ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਿੱਖਿਆ ਮੰਤਰੀ ਦੀ ਅਧਿਆਪਕ ਵਿਰੋਧੀ ਨੀਤੀਆਂ ਤੋਂ ਦੁੱਖੀ ਹੋਣ ਤੇ ਇਹਨਾਂ ਖਿਲਾਫ ਫੈਸਲਾਕੁੰਨ ਲੜਾਈ ਲੜਨ ਦਾ ਫੈਸਲਾ ਕਰ ਲੈਣ ਦਾ ਸਬੂਤ ਦਿੱਤਾ। ਮੰਤਰੀ ਦੀ ਕੋਠੀ ਦੇ ਘਿਰਾਓ ਦੇ ਐਕਸ਼ਨ ਦਾ ਸੰਚਾਲਨ ਕਰ ਰਹੇ ਯੂਨੀਅਨ ਦੇ ਸੂਬਾ ਪ੍ਰਧਾਨ ਸ. ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਦੇ ਅੱਜ ਤੱਕ ਦੇ ਇਤਿਹਾਸ ਵਿੱਚ ਇਸ ਸਿੱਖਿਆ ਮੰਤਰੀ ਵਰਗਾ ਕੋਈ ਮਾੜਾ ਮੰਤਰੀ ਨਹੀਂ ਆਇਆ ਜਿਸ ਨੇ ਆਉਂਦਿਆਂ ਹੀ ਅਧਿਆਪਕਾਂ ਦੇ ਹੱਕਾਂ ਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਮੰਤਰੀ ਦੇ ਰਾਜ ਵਿੱਚ ਅਧਿਆਪਕਾਂ ਨੂੰ 6-6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਪਰ ਇਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ। ਬਦਲੀਆਂ ਕਰਨ ਵਿੱਚ ਤਾਂ ਇਸ ਮੰਤਰੀ ਨੇ ਆਪਣੀ ਸਰਕਾਰ ਦੇ ਬਣਾਏ ਨਿਯਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਬਿਨਾਂ ਅਪਲਾਈ ਕਰਵਾਏ ਹੀ ਆਪਣੇ ਚਹੇਤਿਆਂ ਦੀਆਂ ਬਦਲੀਆਂ ਕਰ ਦਿੱਤੀਆਂ ਤੇ ਆਮ ਅਧਿਆਪਕ ਅਜੇ ਤੱਕ ਵਿਭਾਗ ਵਲੋਂ ਬਦਲੀਆਂ ਦੀ ਅਰਜੀਆਂ ਲੈਣ ਦੀ ਉਡੀਕ ਵਿੱਚ ਬੈਠਾ ਹੈ। 

      ਸ. ਕਰਨੈਲ ਸਿੰਘ ਸੰਧੂ, ਮੱਖਣ ਸਿੰਘ ਕੋਹਾੜ, ਮੰਗਲ ਟਾਂਡਾ, ਬਲਵਿੰਦਰ ਸਿੰਘ ਭੁੱਟੋ, ਨੀਰਜ ਯਾਦਵ ਫਿਰੋਜ਼ਪੁਰ , ਅਮਨਦੀਪ ਸ਼ਰਮਾ, ਰਾਜੀਵ ਹਾਂਡਾ  ਆਦਿ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਸ਼ਨੇਲਾਈਜੇਸ਼ਨ ਕਰਨ ਦੀ ਆੜ ਵਿੱਚ ਖਾਲੀ ਪਈਆਂ ਪੋਸਟਾਂ ਭਰਨ ਦੀ ਥਾਂ ਉਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਇਸ ਮੰਤਰੀ ਵਲੋਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਵਿਰੋਧ ਯੂਨੀਅਨ ਕਰਦੀ ਹੈ। ਰੈਸ਼ਨੇਲਾਈਜੇਸ਼ਨ ਨੀਤੀ ਲਾਗੂ ਕਰਨ ਦੀ ਥਾਂ ਖਾਲੀ ਪਈਆਂ ਪੋਸਟਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਪੁਰੇ ਗ੍ਰੇਡ ਤੇ ਕੀਤੀ ਜਾਣੀ ਚਾਹੀਦੀ ਹੈ। 4-9-14 ਸਕੀਮ ਤੁਰੰਤ ਲਾਗੂ ਕੀਤੀ ਜਾਣੀ ਚਾਹੀਦੀ ਹੈ, 15 ਦਿਨਾਂ ਦੀ ਮੈਡੀਕਲ ਛੁੱਟੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਵੱਖ-ਵੱਖ ਪ੍ਰੋਜੈਕਟਾਂ ਅਤੇ ਸਕੀਮਾਂ ਵਿੱਚ ਕੰਮ ਕਰਦੇ ਸਾਰੇ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਨੂੰ ਤੁਰੰਤ ਸਿੱਖਿਆ ਵਿਭਾਗ ਵਿੱਚ ਲਿਆ ਜਾਵੇ, ਘੱਟ ਬੱਚਿਆਂ ਦੇ ਬਹਾਨੇ ਸਕੂਲ ਬੰਦ ਕਰਨ ਦੀ ਨੀਤੀ ਬੰਦ ਕੀਤੀ ਜਾਵੇ, ਪ੍ਰੀ-ਪ੍ਰਾਇਮਰੀ ਜਮਾਤਾਂ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਜਾਣ, ਆਧਿਆਪਕ ਵਰਗ ਦੀ ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾ ਕੀਤੀਆਂ ਜਾਣ।

         ਕੁਲਦੀਪ ਪੁਰੇਵਾਲ,  ਗੁਰਵਿੰਦਰ ਸਿੰਘ ਸਸਕੌਰ, ਰਣਜੀਤ ਸਿੰਘ ਪਟਿਆਲਾ, ਗੌਰਵ ਮੁੰਜਾਲ ਫਿਰੋਜ਼ਪੁਰ, ਪ੍ਰੈਸ ਸਕੱਤਰ ਸੁਰਜੀਤ ਸਿੰਘ, ਸਤਪਾਲ ਪਠਾਨਕੋਟ, ਕਰਨੈਲ ਫਿਲੌਰ ਆਦਿ ਨੇ ਕਿਹਾ ਕਿ ਮਾਨਯੋਗ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ, ਮਾਡਲ ਸਕੂਲ, ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ ਆਦਿ ਸਕੂਲ ਖੋਲ੍ਹਣ ਦੀ ਪ੍ਰਥਾ ਬੰਦ ਕਰਕੇ ਸਾਰੇ ਸਕੂਲਾਂ ਨੂੰ ਵਧੀਆ ਬਣਾਇਆ ਜਾਵੇ, ਬੱਚਿਆਂ ਦੀ ਵਰਦੀਆਂ ਲਈ ਘੱਟੋ-ਘੱਟ 1000 ਰੁਪਏ ਪ੍ਰਤੀ ਬੱਚਾ ਗ੍ਰਾਟ ਦਿੱਤੀ ਜਾਵੇ, ਸਕੂਲਾਂ ਵਿੱਚ ਜਮਾਤ ਵਾਰ ਅਧਿਆਪਕ ਦਿੱਤੇ ਜਾਣ। 

   ਇਸ ਤੋਂ ਬਾਅਦ ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਵੱਲ ਰੋਸ਼ ਮਾਰਚ ਕਰਦੇ ਹੋਏ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਜਿੱਥੇ ਮੰਤਰੀ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਯੁਨੀਅਨ ਵਲੋਂ ਚੇਤਾਵਨੀ ਦਿੱਤੀ ਗਈ ਕਿ ਹੁਣ ਇਸ ਮੰਤਰੀ ਦੇ ਜੁਲਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਮੰਤਰੀ ਨੂੰ ਵਿਭਾਗ ਵਿਚੋਂ ਚੱਲਦਾ ਕਰਕੇ ਹੀ ਦਮ ਲਿਆ ਜਾਵੇਗਾ। ਜੇ ਸਰਕਾਰ ਨੇ ਹੁਣ ਵੀ ਅਧਿਆਪਕਾਂ ਦੀ ਹੱਕੀ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਵਿਧਾਨ ਸਭਾ ਵੱਲ ਰੋਸ਼ ਮਾਰਚ ਕੀਤਾ ਜਾਵੇਗਾ। ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਮੁੱਖ ਮੰਤਰੀ ਪੰਜਾਬ ਦੇ ਘਰ ਵੱਲ ਇਸ ਆਧਿਆਪਕ ਸੰਘਰਸ਼ ਦਾ ਰੁਖ ਯੂਨੀਅਨ ਵਲੋਂ ਕਰ ਦਿੱਤਾ ਜਾਵੇਗਾ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 

Related Articles

Back to top button