ਗਰੀਬਾਂ ਲਈ ਸ਼ਾਂਤਾ ਕਲਾਜ਼ ਬਣੇ ਡਿਪਟੀ ਕਮਿਸ਼ਨਰ, ਦੇਰ ਰਾਤ ਸ਼ਹਿਰ ਵਿੱਚ ਘੁੰਮ ਕੇ ਲੋੜਵੰਦਾਂ ਨੂੰ ਵੰਡੇ ਕੰਬਲ
ਰੈੱਡ ਕਰਾਸ ਸੁਸਾਇਟੀ ਨੂੰ ਬੇਘਰ ਬਜ਼ੁਰਗਾਂ ਲਈ ਰਾਤ ਬਿਤਾਉਣ ਲਈ ਅਸਥਾਈ ਨਾਈਟ ਸ਼ੈਲਟਰ ਦਾ ਇੰਤਜ਼ਾਮ ਕਰਨ ਅਤੇ ਖਾਣ ਪੀਣ ਦੀ ਵਿਵਸਥਾ ਕਰਨ ਲਈ ਕਿਹਾ
ਗਰੀਬਾਂ ਲਈ ਸ਼ਾਂਤਾ ਕਲਾਜ਼ ਬਣੇ ਡਿਪਟੀ ਕਮਿਸ਼ਨਰ, ਦੇਰ ਰਾਤ ਸ਼ਹਿਰ ਵਿੱਚ ਘੁੰਮ ਕੇ ਲੋੜਵੰਦਾਂ ਨੂੰ ਵੰਡੇ ਕੰਬਲ
ਰੈੱਡ ਕਰਾਸ ਸੁਸਾਇਟੀ ਨੂੰ ਬੇਘਰ ਬਜ਼ੁਰਗਾਂ ਲਈ ਰਾਤ ਬਿਤਾਉਣ ਲਈ ਅਸਥਾਈ ਨਾਈਟ ਸ਼ੈਲਟਰ ਦਾ ਇੰਤਜ਼ਾਮ ਕਰਨ ਅਤੇ ਖਾਣ ਪੀਣ ਦੀ ਵਿਵਸਥਾ ਕਰਨ ਲਈ ਕਿਹਾ
ਫਿਰੋਜ਼ਪੁਰ 26 ਦਸੰਬਰ 2019 ( ) ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਕ੍ਰਿਸਮਸ ਦੀ ਰਾਤ ਨੂੰ ਸ਼ਹਿਰ ਵਿੱਚ ਰਹਿਣ ਵਾਲੇ ਬੇਘਰ ਲੋਕਾਂ ਲਈ ਸਾਂਤਾ ਕਲੋਜ਼ ਸਾਬਿਤ ਹੋਏ ਕਿਉਂਕਿ ਰਾਤ ਭਰ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਲਈ ਲੋੜਵੰਦਾਂ ਨੂੰ ਕੰਬਲ ਵੰਡੇ।
ਰਾਤ 10.30 ਤੋਂ 12.30 ਵਜੇ ਤੱਕ ਪੂਰੇ ਸ਼ਹਿਰ ਦਾ ਚੱਕਰ ਲਗਾ ਕੇ ਬੇਘਰ ਲੋਕਾਂ ਦੀ ਮਦਦ ਲਈ ਉਨ੍ਹਾਂ ਨੂੰ ਕੰਬਲ ਵੰਡੇ। ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਪਹੁੰਚੇ। ਇੱਥੇ ਰਾਤ ਬਿਤਾ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੰਬਲ ਦਿੱਤੇ । ਇਸ ਤੋਂ ਬਾਅਦ ਫਿਰੋਜ਼ਪੁਰ ਛਾਉਣੀ ਸਥਿਤ ਰੇਲਵੇ ਫਲਾਈ-ਓਵਰ ਦੇ ਥੱਲੇ ਅਤੇ ਰੇਲਵੇ ਰੋਡ ਤੇ ਸਥਿਤ ਝੁੱਗੀਆਂ ਵਿੱਚ ਪਹੁੰਚੇ ਅਤੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਸਮੱਸਿਆਵਾਂ ਸੁਣੀਆਂ ਸਨ। ਇੱਥੇ ਰਹਿ ਰਹੇ ਝੁੱਗੀਆਂ ਵਿੱਚ ਲੋਕਾਂ ਨੂੰ ਵੀ ਕੰਬਲ ਵੰਡੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਿਵਲ ਹਸਪਤਾਲ ਪਹੁੰਚੇ ਅਤੇ ਇੱਥੇ ਰਾਤ ਬਿਤਾ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ। ਇੱਥੇ ਮੌਜੂਦ ਲੋਕਾਂ ਨੂੰ ਵੀ ਉਨ੍ਹਾਂ ਨੇ ਕੰਬਲ ਮੁਹੱਈਆ ਕਰਵਾਏ। ਸਿਵਲ ਹਸਪਤਾਲ ਵਿੱਚ ਮੌਜੂਦ ਜ਼ਰੂਰਤਮੰਦ ਲੋਕਾਂ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਨ੍ਹਾਂ ਲਈ ਸ਼ਾਂਤਾ ਕਲੋਜ਼ ਡਿਪਟੀ ਕਮਿਸ਼ਨਰ ਹੀ ਹਨ ਜੋ ਕਿ ਇੰਨੀ ਜ਼ਿਆਦਾ ਠੰਢ ਵਿੱਚ ਉਨ੍ਹਾਂ ਲਈ ਰਾਹਤ ਲੈ ਕੇ ਆਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਬੇਘਰ ਜ਼ਰੂਰਤਮੰਦ ਬਜ਼ੁਰਗਾਂ ਲਈ ਸਥਾਈ ਤੌਰ ਤੇ ਸਰਦੀਆਂ ਵਿੱਚ ਰਹਿਣ ਲਈ ਨਾਈਟ ਸ਼ੈਲਟਰ ਦਾ ਇੰਤਜ਼ਾਮ ਕੀਤਾ ਜਾਵੇ। ਇੱਥੋਂ ਉਨ੍ਹਾਂ ਲਈ ਬਿਸਤਰ, ਕੰਬਲ ਅਤੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਘਰ ਅਤੇ ਲੋੜਵੰਦ ਲੋਕਾਂ ਦੀ ਮੱਦਦ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।ਡਿਪਟੀ ਕਮਿਸ਼ਨਰ ਵੱਲੋਂ ਮਿਲੀ ਮਦਦ ਨੂੰ ਵੇਖ ਕੇ ਕੁਝ ਬਜ਼ੁਰਗ ਭਾਵੁਕ ਵੀ ਹੋ ਗਏ ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਦਮ ਚੁੱਕ ਗਏ ਹਨ। ਉਨ੍ਹਾਂ ਵੱਲੋਂ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਆਪਣੇ ਘਰ ਬਤੌਰ ਸਪੈਸ਼ਲ ਗੈਸਟ ਬੁਲਾ ਕੇ ਉਨ੍ਹਾਂ ਨਾਲ ਸਮੇਂ ਵਤੀਤ ਕੀਤਾ ਗਿਆ ਸੀ। ਇਸ ਵਿਚ ਉਨ੍ਹਾਂ ਲਈ ਮਨੋਰੰਜਨ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸੇ ਤਰ੍ਹਾਂ ਕੁਝ ਦਿਨ ਪਹਿਲੇ ਇੱਕ ਬਜ਼ੁਰਗ ਜੋੜੇ ਨੂੰ ਆਪਣੇ ਘਰ ਵਿੱਚ ਵਾਪਸ ਦਾਖ਼ਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਮੱਖੂ ਦੇ ਪਿੰਡ ਚਾਂਬ ਸਥਿਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਬਜ਼ੁਰਗ ਜੋੜੇ ਨੂੰ ਦਾਖਲਾ ਕਰਵਾਇਆ। ਇਸੇ ਤਰ੍ਹਾਂ ਸਲਮ ਆਬਾਦੀ ਦੇ ਬੱਚਿਆਂ ਲਈ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਨੇ ਗੀਤ ਗਾ ਕੇ ਬੱਚਿਆਂ ਦੀ ਹੌਸਲਾਫ਼ਜਾਈ ਕੀਤੀ। ਇਸ ਮੌਕੇ ਤੇ ਸੈਕਟਰੀ ਰੈੱਡ ਕਰਾਸ ਅਸ਼ੋਕ ਬਹਿਲ ਅਤੇ ਰੇਲਵੇ ਦੇ ਏਡੀਈਐਨ ਵੀ.ਕੇ ਢੀਂਗਰਾ ਵੀ ਹਾਜ਼ਰ ਸਨ।