ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੰਬਾਈਨਾਂ ਨੂੰ ਸੈਨੇਟਾਈਜ ਕੀਤਾ ਜਾਵੇ – ਡਿਪਟੀ ਕਮਿਸ਼ਨਰ
ਕਾਮਿਆਂ ਨੂੰ ਆਪਣੀ ਨਿੱਜੀ ਸਫ਼ਾਈ, ਦੂਰੀ ਬਣਾਕੇ ਰੱਖਣ, ਮਾਸਕ ਪਾਉਣ ਸਮੇਤ ਸਿਹਤ ਵਿਭਾਗ ਵੱਲੋਂ ਜਾਰੀ ਹੋਰ ਸਾਵਧਾਨੀਆਂ ਨੂੰ ਯਕੀਨੀ ਬਣਾਇਆ ਜਾਵੇ
ਫ਼ਿਰੋਜ਼ਪੁਰ 14 ਅਪ੍ਰੈਲ: ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੀ ਕਟਾਈ ਲਈ ਕੰਬਾਈਨਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਆਉਂਦੀਆਂ ਹਨ, ਜਿਸ ਨੂੰ ਧਿਆਨ ਵਿਚ ਰੱਖਦਿਆਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਅਤੇ ਸੰਬੰਧਿਤ ਵਿਭਾਗ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਸੀਜ਼ਨ ਦੌਰਾਨ ਕੰਬਾਈਨਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਂ ਪਿੰਡੋਂ-ਪਿੰਡ ਜਾ ਕੇ ਕਣਕ ਦੀ ਕਟਾਈ ਕਰਦੀਆਂ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਕੰਬਾਈਨਾਂ ਨੂੰ ਸੈਨੀਟਾਈਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੰਬਾਈਨਾਂ ਨਾਲ ਉਪਯੁਕਤ ਮਾਤਰਾ ਵਿਚ ਸੈਨੀਟਾਈਜ਼ਰ ਰੱਖਿਆ ਜਾਵੇ ਤਾਂ ਜੋ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਸਮੇਂ ਅਤੇ ਰਾਤ ਨੂੰ ਕੰਬਾਈਨ ਬੰਦ ਕਰਨ ਸਮੇਂ ਕੰਬਾਈਨ ਦੇ ਘੱਟੋ-ਘੱਟ ਉਸ ਹਿੱਸੇ ਨੂੰ ਜਿੱਥੇ ਕਾਮਿਆਂ ਦੇ ਹੱਥ ਪੈਰ ਵਗ਼ੈਰਾ ਲੱਗਦੇ ਹਨ ਉਸ ਨੂੰ ਸੈਨੀਟਾਈਜ ਕੀਤਾ ਜਾਵੇ। ਕਾਮਿਆਂ ਨੂੰ ਆਪਣੀ ਨਿੱਜੀ ਸਫ਼ਾਈ ਅਤੇ ਆਪਣੇ ਹੱਥਾਂ ਨੂੰ ਕਈ ਵਾਰ ਸੈਨੀਟਾਈਜ ਕਰਨ ਲਈ ਆਖਿਆ ਜਾਵੇ। ਜੇਕਰ ਕੋਈ ਕਾਮਾ, ਬੁਖ਼ਾਰ, ਖੰਘ, ਜ਼ੁਕਾਮ ਜਾਂ ਸਾਹ ਲੈਣ ਵਿਚ ਤਕਲੀਫ਼ ਤੋਂ ਪੀੜਤ ਹੈ ਤਾਂ ਉਸ ਦਾ ਤੁਰੰਤ ਸਿਹਤ ਵਿਭਾਗ ਨਾਲ ਤਾਲਮੇਲ ਕਰਵਾਇਆ ਜਾਵੇ ਜਾਂ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾਵੇ ਅਤੇ ਅਜਿਹੇ ਕਾਮੇ ਨੂੰ ਕੰਬਾਈਨ ਤੋਂ ਕੰਮ ਕਰਨ ਤੇ ਰੋਕਿਆ ਜਾਵੇ।ਕਾਮਿਆਂ ਦਾ ਆਪਸ ਵਿਚ ਜਾਂ ਕਿਸੇ ਕਿਸਾਨ ਨਾਲ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਕਿਸੇ ਨਾਲ ਵੀ ਹੱਥ ਆਦਿ ਨਾ ਮਿਲਾਇਆ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਕਾਮਿਆਂ ਦਾ ਮਾਸਕ ਪਾਉਣਾ ਲਾਜ਼ਮੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਮੇ ਪਿੰਡ ਪਿੰਡ ਕੰਮ ਕਰਨਗੇ, ਇਸ ਲਈ ਇਨ੍ਹਾਂ ਕਾਮਿਆਂ ਨੂੰ ਪਿੰਡ ਵਿਚ ਜਾਣੋ ਰੋਕਿਆ ਜਾਵੇ ਅਤੇ ਇਨ੍ਹਾਂ ਨੂੰ ਆਪਣਾ ਆਰਾਮ ਦਾ ਇੰਤਜ਼ਾਮ ਪਿੰਡੋਂ ਬਾਹਰ ਖੇਤਾਂ ਵਿਚ ਕਰਨ ਲਈ ਕਿਹਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ ਦੀ ਕਟਾਈ ਅਤੇ ਖ਼ਰੀਦ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਹੀ ਸਾਰੇ ਕੰਮ ਕਰਨ।