ਕਿਸਾਨ ਖ਼ੁਦਕੁਸ਼ੀਆਂ: ਵਿਜੈ ਗਰਗ
ਖੇਤੀ ਸੈੱਕਟਰ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਖ਼ੁਦਕੁਸ਼ੀਆਂ ਦਿਨ-ਬ-ਦਿਨ ਵਧ ਰਹੀਆਂ ਹਨ। ਦੇਸ਼ ਵਿੱਚ ਤਿੰਨ ਲੱਖ ਕਿਸਾਨਾਂ ਨੇ ਜ਼ਿੰਦਗੀ ਤੋਂ ਹੱਥ ਧੋ ਲਏ ਹਨ। ਇਕੱਲੇ ਪੰਜਾਬ ਵਿੱਚ ਸੱੱਤ ਹਜ਼ਾਰ ਕਿਸਾਨ ਅਤੇ ਮਜ਼ਦੂਰ ਆਤਮਹੱੱਤਿਆ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ 75 ਫ਼ੀਸਦੀ ਕਿਸਾਨਾਂ ਨੇ ਕਰਜ਼ੇ ਕਰਕੇ ਖ਼ੁਦਕੁਸ਼ੀਆਂ ਕੀਤੀਆਂ ਹਨ ਅਤੇ ਖ਼ੁਦਕੁਸ਼ੀ ਕਰਨ ਵਾਲੇ 79 ਫ਼ੀਸਦੀ ਛੋਟੇ ਕਿਸਾਨ ਹਨ। ਫਿਰ ਵੀ ਕੁਝ ਅਖੌਤੀ ਬੁੱੱਧੀਜੀਵੀ, ਸਿਆਸਤਦਾਨ ਅਤੇ ਸਰਦੇ-ਪੁਜਦੇ ਲੋਕ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨਾਂ ਨੂੰ ਆਰਥਿਕਤਾ ਨਾਲ ਨਹੀਂ ਸਗੋਂ ਲੋਕਾਂ ਦੀਆਂ ਆਦਤਾਂ ਅਤੇ ਵਿਵਹਾਰ ਨਾਲ ਜੋੜ ਕੇ ਦੇਖਦੇ ਹਨ। ਇਸ ਵਰਤਾਰੇ ਸਬੰਧੀ ਉਨ੍ਹਾਂ ਦੀਆਂ ਧਾਰਨਾਵਾਂ ਇਹ ਹਨ ਕਿ ਲੋਕ ਖ਼ਰਚ ਕਰਦੇ ਸਮੇਂ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ, ਆਪ ਕੰਮ ਕਰਨ ਦੀ ਥਾਂ ਪਰਵਾਸੀ ਮਜ਼ਦੂਰਾਂ ਉੱਪਰ ਨਿਰਭਰ ਹੋ ਗਏ ਹਨ, ਵਿਆਹ ’ਤੇ ਅੱਡੀਆਂ ਚੁੱਕ ਕੇ ਖ਼ਰਚ ਕਰਦੇ ਹਨ, ਨਸ਼ਿਆਂ ਵਿੱਚ ਗ਼ਲਤਾਨ ਰਹਿੰਦੇ ਹਨ ਤੇ ਕਿਸਾਨ ਹੀ ਖ਼ੁਦਕੁਸ਼ੀਆਂ ਕਿਉਂ ਕਰਦੇ ਹਨ ਜਦੋਂਕਿ ਮਜ਼ਦੂਰਾਂ ਦੀ ਜ਼ਿੰਦਗੀ ਉਸ ਤੋਂ ਵੀ ਬਦਤਰ ਹੈ। ਖ਼ੁਦਕੁਸ਼ੀਆਂ ਦੇ ਇਸ ਵਰਤਾਰੇ ਨੂੰ ਸਮਝਣ ਲਈ ਇਨ੍ਹਾਂ ਧਾਰਨਾਵਾਂ ਦੀ ਘੋਖ ਪੜਤਾਲ ਕਰਨਾ ਅਤੀ ਜ਼ਰੂਰੀ ਹੈ।
ਸਭ ਤੋਂ ਪਹਿਲੀ ਗੱਲ ਹੈ ‘ਚਾਦਰ ਵੇਖ ਕੇ ਪੈਰ ਪਸਾਰਨ ਦੀ’। ਪੰਜਾਬ ਦੇ ਕਿਸਾਨ ਪਰਿਵਾਰਾਂ ਦੀ ਔਸਤਨ ਸਾਲਾਨਾ ਆਮਦਨ ਦੋ ਲੱਖ ਰੁਪਏ ਤੋਂ ਘੱੱਟ ਹੈ ਜਦੋਂਕਿ ਛੋਟੇ ਕਿਸਾਨ ਸਿਰਫ਼ ਪੰਜਾਹ ਹਜ਼ਾਰ ਰੁਪਏ ਸਾਲਾਨਾ ਹੀ ਕਮਾਉਂਦੇ ਹਨ। ਇਸ ਨਿਗੂਣੀ ਆਮਦਨ ਨਾਲ ਉਨ੍ਹਾਂ ਨੇ ਖੇਤੀ ਅਤੇ ਘਰੇਲੂ ਖ਼ਰਚੇ ਪੂਰੇ ਕਰਨੇ ਹੁੰਦੇ ਹਨ। ਜੇ ਇਹ ਕਿਸਾਨ ਚਾਦਰ ਵੇਖ ਕੇ ਪੈਰ ਪਸਾਰਨ ਦੀ ਕੋਸ਼ਿਸ਼ ਵੀ ਕਰਨ ਤਾਂ ਵੀ ਉਨ੍ਹਾਂ ਪੱਲੇ ਚਾਦਰ ਦੀ ਥਾਂ ਰੁਮਾਲ ਹੋਣ ਕਰਕੇ ਧੜ ਵੀ ਨੰਗੀ ਰਹਿ ਜਾਵੇਗੀ, ਪੈਰ ਢਕਣਾ ਇੱਕ ਸੁਪਨਾ ਹੀ ਰਹੇਗਾ। ਇੰਨੀ ਘੱਟ ਆਮਦਨ ਨਾਲ ਤਾਂ ਖੇਤੀ ਖ਼ਰਚੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ। ਰਸੋਈ ਦੇ ਖ਼ਰਚੇ, ਡਾਕਟਰਾਂ ਤੇ ਬਿਜਲੀ ਦੇ ਬਿਲ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੀਆਂ ਫੀਸਾਂ ਤਾਂ ਹੁਣ ਕਿਸਾਨੀ ਅਤੇ ਗ਼ਰੀਬ ਵਰਗ ਦੇ ਬੱਸ ਦਾ ਰੋਗ ਹੀ ਨਹੀਂ ਰਿਹਾ। ਦੁਨੀਆਂ ਭਰ ਵਿੱਚ ਸਿਹਤ ਸੇਵਾਵਾਂ ’ਤੇ ਸਰਕਾਰ ਵੱਲੋਂ ਕੁੱਲ ਘਰੇਲੂ ਪੈਦਾਵਾਰ ਦਾ 6 ਫ਼ੀਸਦੀ ਖ਼ਰਚ ਹੁੰਦਾ ਹੈ ਜਦੋਂਕਿ ਭਾਰਤ ਵਿੱਚ ਇਹ ਖ਼ਰਚਾ 1.4 ਫ਼ੀਸਦੀ ਹੈ। ਇਹੋ ਹਾਲ ਪੜ੍ਹਾਈ ਅਤੇ ਬਾਕੀ ਸਮਾਜਿਕ ਸੇਵਾਵਾਂ ਦਾ ਹੈ ਜਿੱਥੇ ਇਹ ਖ਼ਰਚਾ ਕ੍ਰਮਵਾਰ 3.3 ਫ਼ੀਸਦੀ 2.5 ਫ਼ੀਸਦੀ ਹੈ। ਨਿੱਜੀਕਰਨ ਨਾਲ ਲੋਕਾਂ ਦੇ ਖ਼ਰਚਿਆਂ ਵਿੱਚ ਆਮਦਨ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ।
ਰਹੀ ਗੱਲ ਹੱਥੀਂ ਕੰਮ ਕਰਨ ਦੀ। ਅੱਜ ਪੰਜਾਬ ਦੇ 83 ਫ਼ੀਸਦੀ ਰਕਬੇ ’ਤੇ ਬੀਜਿਆ ਜਾਣ ਵਾਲਾ ਕਣਕ-ਝੋਨਾ ਫ਼ਸਲੀ ਚੱਕਰ ਹੀ ਸਭ ਤੋਂ ਵੱਧ ਮੁਨਾਫ਼ੇ ਵਾਲੀ ਖੇਤੀ ਸਮਝੀ ਜਾਂਦੀ ਹੈ। ਕਣਕ ਦੇ ਇੱਕ ਏਕੜ ਲਈ 8 ਦਿਨਾਂ ਅਤੇ ਝੋਨੇ ਲਈ 20 ਦਿਨਾਂ ਦਾ ਹੀ ਕੰਮ ਹੈ, ਇਸ ਕਰਕੇ ਦੋ ਏਕੜ ਜ਼ਮੀਨ ਲਈ ਸਾਲ ਵਿੱਚ ਸਿਰਫ਼ 56 ਦਿਨਾਂ ਦਾ ਹੀ ਰੁਝੇਵਾਂ ਹੈ। ਪੰਜਾਬ ਦੀ ਛੋਟੀ ਕਿਸਾਨੀ ਕੋਲ ਔਸਤਨ ਤਿੰਨ ਏਕੜ ਜ਼ਮੀਨ ਹੈ ਅਤੇ ਪ੍ਰਤੀ ਪਰਿਵਾਰ ਦੋ ਵਿਅਕਤੀ ਖੇਤੀ ਕਾਮੇ ਹਨ। ਉਨ੍ਹਾਂ ਕੋਲ ਸਾਲ ਵਿੱਚ ਦੋ ਮਹੀਨਿਆਂ ਤੋਂ ਵੀ ਘੱਟ ਰੁਜ਼ਗਾਰ ਹੈ, ਉਹ ਭਾਵੇਂ ਆਪ ਕਰਨ ਜਾਂ ਮਜ਼ਦੂਰਾਂ/ਪਰਵਾਸੀ ਮਜ਼ਦੂਰਾਂ ਤੋਂ ਕਰਵਾਉਣ। ਇਹ ਇੱਕ ਹਕੀਕਤ ਹੈ ਕਿ ਵੱਡੇ ਕਿਸਾਨ ਦੇ ਮੁਕਾਬਲੇ ਛੋਟਾ ਕਿਸਾਨ ਆਪਣੀ ਪਰਿਵਾਰਕ ਕਿਰਤ ਸ਼ਕਤੀ ਨਾਲ ਹੀ ਖੇਤੀ ਕਰਦਾ ਹੈ। ਇੱਕ-ਭਾਂਤੀ ਖੇਤੀ ਕਾਰਨ ਕੰਮ ਕੁਝ ਦਿਨਾਂ ’ਚ ਹੀ ਸੁੰਗੜਨ ਕਰਕੇ ਛੋਟੇ ਕਿਸਾਨਾਂ ਨੂੰ ਵੀ ਮਜਬੂਰੀਵੱਸ ਕੁਝ ਮਜ਼ਦੂਰਾਂ ’ਤੇ ਨਿਰਭਰ ਹੋਣਾ ਪੈਂਦਾ ਹੈ। ਖੇਤੀ ਦੇ ਕੀਤੇ ਮਸ਼ੀਨੀਕਰਨ ਨੇ ਮਨੁੱਖੀ ਕਿਰਤ ਸ਼ਕਤੀ ਦਾ ਕੰਮ ਖੋਲ੍ਹਿਆ ਹੈ ਜਿਸ ਕਰਕੇ ਕਾਫ਼ੀ ਕਿਰਤ ਸ਼ਕਤੀ ਬੇਰੁਜ਼ਗਾਰ ਹੋ ਗਈ। ਪੰਜਾਬ ਦੇ ਅੰਦਾਜ਼ਨ 35 ਲੱਖ ਨੌਜਵਾਨ ਬੇਰੁਜ਼ਗਾਰ ਹਨ ਜਿਨ੍ਹਾਂ ਵਿੱਚੋਂ 80 ਫ਼ੀਸਦੀ ਪੇਂਡੂ ਖੇਤਰ ’ਚੋਂ ਹਨ। ਇਸ ਤੋਂ ਜ਼ਿਆਦਾ ਅਰਧ-ਬੇਰੁਜ਼ਗਾਰ ਲੋਕ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ ਉਪਰ ਨਿੱਜੀ ਅਤੇ ਸਰਕਾਰੀ ਅਦਾਰਿਆਂ ’ਚ ਠੇਕੇਦਾਰੀ ਸਿਸਟਮ ਰਾਹੀਂ ਬਿਲਕੁਲ ਆਰਜ਼ੀ/ਦਿਹਾੜੀ ਤੌਰ ’ਤੇ ਦੂਰ-ਦੁਰਾਡੇ ਜਾ ਕੇ ਕੰਮ ਕਰ ਰਹੇ ਹਨ। ਬੇਰੁਜ਼ਗਾਰੀ ਦਾ ਇਹ ਕਹਿਰ ਲੋਕਾਂ ਨੂੰ ਬੇਵਸੀ ਅਤੇ ਲਾਚਾਰਤਾ ਵੱੱਲ ਧੱੱਕ ਰਿਹਾ ਹੈ।
ਅਗਲੀ ਧਾਰਨਾ ਵਿਆਹ-ਸ਼ਾਦੀਆਂ ਅਤੇ ਹੋਰ ਖ਼ੁਸ਼ੀ-ਗ਼ਮੀ ਦੀਆਂ ਰਸਮਾਂ ਉੱਪਰ ਨਾਜਾਇਜ਼ ਖ਼ਰਚੇ ਸਬੰਧੀ ਹੈ। ਕਿਸਾਨਾਂ ਦੇ ਖ਼ਰਚ ਦੀਆਂ ਮੱਦਾਂ ਨੂੰ ਦੇਖਣ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਖ਼ਰਚੇ ਦਾ 68 ਫ਼ੀਸਦੀ ਹਿੱਸਾ ਖਾਧ ਪਦਾਰਥਾਂ ਅਤੇ ਸਿੱਖਿਆ ਉੱਪਰ ਲਗਦਾ ਹੈ। ਵਿਆਹ ’ਤੇ ਕਿਸਾਨ ਪਰਿਵਾਰ ਵੱਲੋਂ ਮਹਿਜ਼ 3.2 ਫ਼ੀਸਦੀ ਹੀ ਖ਼ਰਚ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕਰਜ਼ੇ ਦਾ ਤਿੰਨ-ਚੌਥਾਈ ਹਿੱਸਾ ਪੈਦਾਵਾਰੀ ਕੰਮਾਂ ’ਤੇ ਲਗਦਾ ਹੈ, ਜਿਨ੍ਹਾਂ ਦਾ ਵੱਡਾ ਹਿੱਸਾ ਖੇਤੀ ਲਾਗਤਾਂ ’ਤੇ ਹੁੰਦਾ ਹੈ। ਮੈਰਿਜ ਪੈਲੇਸਾਂ ਵਿੱਚ ਕੀਤੇ ਜਾਂਦੇ ਵੱਡੇ ਵਿਆਹਾਂ ਨੂੰ ਛੋਟੀ ਕਿਸਾਨੀ ਨਾਲ ਜੋੜਨਾਂ ਅਤੇ ਕਿਸਾਨੀ ਨੂੰ ਦੂਜੇ ਸਮਾਜ ਨਾਲੋਂ ਅਲੱਗ ਮਾਡਲ ਰਾਹੀਂ ਜ਼ਿੰਦਗੀ ਬਤੀਤ ਕਰਨ ਦੀਆਂ ਸਲਾਹਾਂ ਦੇਣੀਆਂ ਬਰਾਬਰੀ ਅਤੇ ਸਦਾਚਾਰਕ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ।
ਇਹ ਧਾਰਨਾ ਕਿ ਮਜ਼ਦੂਰ ਜਾਂ ਹੋਰ ਗ਼ਰੀਬ ਤਬਕੇ ਖ਼ੁਦਕੁਸ਼ੀਆਂ ਨਹੀਂ ਕਰਦੇ ਕੇਵਲ ਕਿਸਾਨ ਹੀ ਕਰਦੇ ਹਨ, ਹਕੀਕਤ ਤੋਂ ਕੋਹਾਂ ਦੂਰ ਹੈ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੇ 2000-2010 ਦੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਸੱੱਤ ਹਜ਼ਾਰ ਖ਼ੁਦਕੁਸ਼ੀਆਂ ਵਿੱਚੋਂ ਚਾਰ ਹਜ਼ਾਰ ਕਿਸਾਨ ਅਤੇ ਤਿੰਨ ਹਜ਼ਾਰ ਮਜ਼ਦੂਰ ਸਨ। ਪੰਜਾਬ ਵਿੱਚ 20 ਲੱਖ ਕਿਸਾਨ ਅਤੇ 15 ਲੱਖ ਮਜ਼ਦੂਰ ਹਨ।