ਐਸ ਬੀ ਐਸ ਕੈਂਪਸ ਨੇ ਲਾਅਨ-ਟੈਨਿਸ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤੇ
ਫਿਰੋਜ਼ਪੁਰ:- ਪੰਜਾਬ ਸਰਕਾਰ ਦੀ ਸਥਾਨਕ ਤਕਨੀਕੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀ ਲਾਅਨ-ਟੈਨਿਸ ਟੀਮ ਲੜਕੇ ਅਤੇ ਲੜਕੀਆਂ ਨੇ ਮੱਲਾਂ ਮਾਰਦਿਆਂ ਖੇਡਾਂ ਵਿੱਚ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਮਿਟ ਕਾਲਜ ਮਲੋਟ ਵਿਖੇ ਕਰਵਾਏ ਗਏ 'ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਇੰਟਰ-ਕਾਲਜ ਲਾਅਨ-ਟੈਨਿਸ ਟੂਰਨਾਮੈਂਟ' ਵਿੱਚ ਐੇਸ ਬੀ ਐਸ ਕੈਂਪਸ ਦੀ ਲੜਕੀਆਂ ਦੀ ਟੀਮ ਨੇ ਗੋਲਡ ਮੈਡਲ ਹਾਸਿਲ ਕੀਤਾ ਅਤੇ ਲੜਕਿਆਂ ਦੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ ਹੈ।ਡਾ. ਸਿੱਧੂ ਨੇ ਕਪਤਾਨ ਸਿਮਰਨਜੀਤ ਕੌਰ ਅਤੇ ਮੈਯੰਕ ਦੀ ਸ਼ਲਾਘਾ ਕਰਦੇ ਹੋਏ ਸਾਰੇ ਟੀਮ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਡੀਨ ਸਪੋਰਟਸ ਐਂਡ ਕਲਚਰਲ ਅਫੇਅਰਜ਼ ਤੇਜਪਾਲ ਵਰਮਾ ਅਤੇ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਡਾ. ਵੀ ਐਸ ਭੁੱਲਰ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ।
ਡਾ. ਵੀ ਐਸ ਭੁੱਲਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਲੜਕੀਆਂ ਦੀਆਂ ਕੁੱਲ ਚਾਰ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ ਅਤੇ ਲੜਕਿਆਂ ਦੀਆਂ ਪੰਜ ਕਾਲਜਾਂ ਦੀਆਂ ਟੀਮਾ ਨੇ ਭਾਗ ਲਿਆ ਸੀ।ਜਿਨ੍ਹਾਂ ਵਿੱਚੋਂ ਐਸਬੀਐਸ ਕੈਂਪਸ ਦੀਆਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤੇ।ਉਹਨਾਂ ਕਿਹਾ ਕਿ ਇਸ ਸੰਸਥਾ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਰਾਤ ਸਮੇਂ ਪ੍ਰੈਕਟਿਸ ਕਰਨ ਲਈ ਸਾਰੇ ਖੇਡ ਮੈਦਾਨਾਂ ਵਿੱਚ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ ਜਿਸਦਾ ਖਿਡਾਰੀ ਭਰਪੂਰ ਲਾਹਾ ਲੈ ਰਹੇ ਹਨ।ਇਸ ਮੌਕੇ ਡਾ. ਰਾਜੀਵ ਅਰੋੜਾ,ਕੈਂਪਸ ਪੀਆਰa ਬਲਵਿੰਦਰ ਸਿੰਘ ਮੋਹੀ ਅਤੇ ਮੁਕੇਸ਼ ਸਚਦੇਵਾ ਹਾਜ਼ਰ ਸਨ।