ਆਰ.ਐਸ.ਡੀ. ਕਾਲਜ ਦੀ ਮੈਨੇਜਮੈਂਟ ਵੱਲੋਂ ਤਿੰਨ ਸੀਨੀਅਰ ਅਧਿਆਪਕਾਂਨੂੰ ਬਿਨਾਂ ਕਿਸੇ ਕਾਰਨ ਦੇ ਗ਼ੈਰਕਾਨੂੰਨੀ ਤਰੀਕੇ ਨਾਲ ਫ਼ਾਰਗ ਕਰਨ ਦੇ ਵਿਰੋਧ ਵਿੱਚ, ਰਾਜਾ ਵੜਿੰਗ ਨੇ ਮੈਨੇਜਮੈਂਟ ਨੂੰ ਸਖ਼ਤ ਚਿਤਾਵਨੀ ਦਿਤੀ
ਆਰ.ਐਸ.ਡੀ. ਕਾਲਜ ਦੀ ਮੈਨੇਜਮੈਂਟ ਵੱਲੋਂ ਤਿੰਨ ਸੀਨੀਅਰ ਅਧਿਆਪਕਾਂਨੂੰ ਬਿਨਾਂ ਕਿਸੇ ਕਾਰਨ ਦੇ ਗ਼ੈਰਕਾਨੂੰਨੀ ਤਰੀਕੇ ਨਾਲ ਫ਼ਾਰਗ ਕਰਨ ਦੇ ਵਿਰੋਧ ਵਿੱਚ, ਰਾਜਾ ਵੜਿੰਗ ਨੇ ਮੈਨੇਜਮੈਂਟ ਨੂੰ ਸਖ਼ਤ ਚਿਤਾਵਨੀ ਦਿਤੀ
ਫ਼ਿਰੋਜ਼ਪੁਰ 2.8.2023: ਸਥਾਨਕ ਆਰ.ਐਸ.ਡੀ. ਕਾਲਜ ਦੀ ਮੈਨੇਜਮੈਂਟ ਵੱਲੋਂ ਤਿੰਨ ਸੀਨੀਅਰ ਅਧਿਆਪਕਾਂ ਪ੍ਰੋ.ਕੁਲਦੀਪ ਸਿੰਘ ,ਡਾ.ਮਨਜੀਤ ਕੌਰ( ਦੋਵੇਂ ਪੰਜਾਬੀ ਵਿਭਾਗ) ਅਤੇ ਪ੍ਰੋ.ਲਕਸ਼ਮਿੰਦਰ ਭੋਰੀਵਾਲ (ਇਤਿਹਾਸ ਵਿਭਾਗ ) ਨੂੰ ਬਿਨਾਂ ਕਿਸੇ ਕਾਰਨ ਦੇ ਗ਼ੈਰਕਾਨੂੰਨੀ ਤਰੀਕੇ ਨਾਲ ਫ਼ਾਰਗ ਕਰਨ ਦੇ ਵਿਰੋਧ ਵਿੱਚ ਪਿਛਲੇ ਚੌਵੀ ਦਿਨਾਂ ਤੋਂ ਕਾਲਜ ਦੇ ਬਾਹਰ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ। ਇਸ ਧਰਨੇ ਨੂੰ ਫ਼ਿਰੋਜ਼ਪੁਰ ਆਮ ਲੋਕਾਂ ਵੱਖ ਵੱਖ ਸਮਾਜਿਕ ,ਮੁਲਾਜ਼ਮ ,ਕਿਸਾਨ ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ ,ਉੱਥੇ ਵੱਖ ਵੱਖ ਸਿਆਸੀ ਪਾਰਟੀਆਂ ਵੀ ਇਸ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੀਆਂ ਹਨ। ਇਸੇ ਲੜੀ ਵਿੱਚ ਅੱਜ ਰਾਜਾ ਅਮਰਿੰਦਰ ਸਿੰਘ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਾਂਗਰਸ ਲੀਡਰਸ਼ਿਪ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਪਾਰਟੀ ਵੱਲੋਂ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿੱਤਾ। ਉਹਨਾਂ ਨੇ ਮੈਨੇਜਮੈਂਟ ਦਾ ਤਾਨਾਸ਼ਾਹੀ ਫ਼ੁਰਮਾਨ ਬਾਰੇ ਕਾਲਜ ਦੇ ਡਾਇਰੈਕਟਰ ਐਸ.ਪੀ.ਆਨੰਦ ਨਾਲ ਫ਼ੋਨ ਤੇ ਗੱਲ ਵੀ ਕੀਤੀ ਪਰ ਕਾਂਗਰਸ ਪ੍ਰਧਾਨ ਨਾਲ ਗੱਲ ਕਰਦਿਆਂ ਡਾਇਰੈਕਟਰ ਦਾ ਵਤੀਰਾ ਅਤੇ ਲਹਿਜਾ ਨਿੰਦਣਯੋਗ ਸੀ।
ਇਸ ਸਬੰਧੀ ਪ੍ਰੈਸ ਨਾਲ ਗੱਲ ਕਰਦਿਆਂ ਰਾਜਾ ਵੜਿੰਗ ਨੇ ਮੈਨੇਜਮੈਂਟ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਮੈਨੇਜਮੈਂਟ ਇਹਨਾਂ ਬਰਖਾਸਤ ਕੀਤੇ ਅਧਿਆਪਕਾਂ ਨੂੰ ਤੁਰੰਤ ਬਹਾਲ ਕਰੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ । ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਤਿੱਖੇ ਤੇਵਰਾਂ ਨਾਲ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਮੈਨੇਜਮੈਂਟ ਆਪਣੇ ਗੈਰਕਾਨੂੰਨੀ ਕੰਮਾਂ ਤੋਂ ਬਾਜ ਆਵੇ ਨਹੀਂ ਤਾਂ ਅਸੀਂ ਕਾਲਜ ਨੂੰ ਤਾਲਾ ਲਾ ਦਿਆਂਗੇ , ਕਿਸੇ ਵੀ ਹਰਜ ਮਰਜ ਦੀ ਜ਼ਿੰਮੇਵਾਰੀ ਡਾਇਰੈਕਟਰ ਐਸ.ਪੀ . ਆਨੰਦ ਅਤੇ ਕਾਲਜ ਮੈਨੇਜਮੈਂਟ ਦੀ ਹੋਵੇਗੀ। ਸੀਨੀਅਰ ਕਾਂਗਰਸ ਆਗੂ ਗੁਰਭੇਜ ਸਿੰਘ ਟਿੱਬੀ ਨੇ ਐਸ.ਪੀ . ਆਨੰਦ , ਮੈਨੇਜਮੈਂਟ ,ਸਾਬਕਾ ਪ੍ਰਿੰਸੀਪਲ ਅਸ਼ੋਕ ਗੁਪਤਾ ਅਤੇ ਕਮੇਟੀ ਮੈਂਬਰ ਪੰਡਤ ਸਤੀਸ਼ ਕੁਮਾਰ ਐਡਵੋਕੇਟ ਦੇ ਨਕਾਰਾਤਮਕ ਵਤੀਰੇ ਬਾਰੇ ਚਾਨਣਾ ਪਾਇਆ । ਇਸ ਮੌਕੇ ਤੇ ਆਸ਼ੂ ਬਾਂਗੜ ,ਨਰਿੰਦਰ ਕੌਣੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਾਜਾ ਵੜਿੰਗ ਦੇ ਨਾਲ ਸਨ। ਧਰਨੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਤਿੰਨ ਸੌ ਤੋਂ ਵੱਧ ਪ੍ਰਤੀਨਿਧ ਸ਼ਾਮਲ ਸਨ