ਆਰੇ ‘ਤੇ ਪਈ ਲੱਖਾਂ ਰੁਪਏ ਦੀ ਲੱਕੜ ਨੂੰ ਲੱਗੀ ਅੱਗ
ਗੁਰੂਹਰਸਹਾਏ, 3 ਮਈ (ਪਰਮਪਾਲ ਗੁਲਾਟੀ)
ਸਥਾਨਕ ਸ਼ਹਿਰ ਤੋਂ ਬਾਹਰ ਸਥਿਤ ਇੱਕ ਆਰੇ ‘ਤੇ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਗੁਰੂਹਰਸਹਾਏ ਤੋਂ ਸ਼ਰੀਂਹ ਵਾਲਾ ਰੋਡ ‘ਤੇ ਬਲਦੇਵ ਚੋਪੜਾ ਵਿਅਕਤੀ ਦਾ ਆਰਾ ਅਤੇ ਕੋਲਾ ਬਣਾਉਣ ਵਾਲੀਆਂ ਭੱਠੀਆਂ ਲੱਗੀਆਂ ਹੋਈਆ ਹਨ, ਜਿੱਥੇ ਪਈਆਂ ਲੱਕੜਾਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ‘ਤੇ ਉਥੇ ਮੋਜੂਦ ਲੋਕਾਂ ਨੇ ਤੁਰੰਤ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ। ਜਿਸ ‘ਤੇ ਪੁਲਸ ਪ੍ਰਸ਼ਾਸ਼ਨ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਦੇਖਦੇ ਹੋਏ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਅਤੇ ਇਸ ਦੌਰਾਨ ਫਿਰੋਜਪੁਰ, ਜਲਾਲਾਬਾਦ, ਫਰੀਦਕੋਟ, ਮੁਕਤਸਰ ਤੋਂ ਫਾਇਰ ਬਿਗ੍ਰੇਡ ਪਹੁੰਚ ਗਈਆਂ। ਪਰੰਤੂ ਲੋਕਾਂ ਅਤੇ ਫਾਇਰ ਬਿਗ੍ਰੇਡਾਂ ਵੱਲੋਂ ਅੱਗ ਤੇ ਕਾਬੂ ਪਾਉਣ ਤੋਂ ਪਹਿਲਾਂ ਲੱਖਾਂ ਰੁਪਏ ਦੀ ਲੱਕੜੀ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਨੇੜੇ ਹੀ ਕਿਸੇ ਕਿਸਾਨ ਨੇ ਫਸਲ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ ਅਤੇ ਤੇਜ ਹਵਾ ਚੱਲਣ ਕਰਕੇ ਅੱਗ ਫੈਲਦੀ ਹੋਈ ਆਰੇ ਦੀ ਲੱਕੜੀ ਨੂੰ ਜਾ ਲੱਗੀ। ਆਰੇ ਦੇ ਮਾਲਕ ਵੱਲੋਂ ਕੁਝ ਸਮਾਂ ਪਹਿਲਾਂ ਹੀ ਕਰੀਬ 100 ਏਕੜ ਸਫੈਦੇ ਦੀ ਮੰਗਵਾਈ ਲੱਕੜੀ ਸਮੇਤ ਹੋਰ ਵੀ ਕੀਮਤੀ ਲੱਕੜੀ ਇੱਥੇ ਰੱਖੀ ਹੋਈ ਸੀ ਅਤੇ ਇੱਥੇ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਜਾਣ ਦਾ ਸੰਭਾਵਨਾ ਹੈ।
– ਲਗਾਤਰ 4 ਵਾਰ ਜਿੱਤ ਕੇ ਅਤੇ ਮੌਜੂਦਾ ਸਰਕਾਰ ‘ਚ ਮੰਤਰੀ ਰਾਣਾ ਸੋਢੀ ਸ਼ਹਿਰ ਨੂੰ ਅਜੇ ਤੱਕ ਨਹੀਂ ਦਿਵਾ ਸਕੇ ਹਨ ਫਾਇਰ ਬਿਗ੍ਰੇਡ ਦੀ ਸਹੂਲਤ
ਉਧਰ ਦੂਜੇ ਪਾਸੇ ਗੁਰੂਹਰਸਹਾਏ ਸ਼ਹਿਰ ਵਿੱਚ ਇੱਕ ਵਾਰ ਫਿਰ ਫਾਇਰ ਬਿਗ੍ਰੇਡ ਦੀ ਕਮੀ ਮਹਿਸੂਸ ਹੋਈ, ਭਾਵੇਂ ਕਿ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਸੋਢੀ ਮੋਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਪਰੰਤੂ ਪਿਛਲੇ 4 ਵਾਰ ਲਗਾਤਾਰ ਵਿਧਾਇਕ ਚੁਣੇ ਜਾਣ ਦੇ ਬਾਵਜੂਦ ਵੀ ਉਹ ਇਲਾਕੇ ਨੂੰ ਇੱਕ ਫਾਇਰ ਬਿਗ੍ਰੇਡ ਦੀ ਸੁਵਿਧਾ ਨਹੀਂ ਦਿਵਾ ਸਕੇ ਹਨ।