….ਆਖਿਰ ਖੁੰਭਾਂ ਵਾਂਗ ਬਾਹਰ ਨਿਕਲ ਹੀ ਆਏ ਡੇਰਾ ਪ੍ਰੇਮੀ
….ਆਖਿਰ ਖੁੰਭਾਂ ਵਾਂਗ ਬਾਹਰ ਨਿਕਲ ਹੀ ਆਏ ਡੇਰਾ ਪ੍ਰੇਮੀ
– ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ’ਚ ਸੰਗਤ ਦਾ ਵੱਡਾ ਇਕੱਠ ਸਿਆਸੀ ਗਲਿਆਰਿਆਂ ਵਿੱਚ ਬਣਿਆ ਚਰਚਾ ਦਾ ਵਿਸ਼ਾ
ਗੁਰੂਹਰਸਹਾਏ, 14 ਅਪ੍ਰੈਲ (ਪਰਮਪਾਲ ਗੁਲਾਟੀ)- ਮਾਲਵਾ ਪੱਟੀ ਵਿੱਚ ਆਪਣਾ ਵੱਡਾ ਆਧਾਰ ਰੱਖਣ ਵਾਲੇ ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ ਸੰਗਤ ਨੇ ਹਲਕਾ ਗੁਰੂਹਰਸਹਾਏ ਦੇ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ.ਰੋਡ ਉਪਰ ਸਥਿਤ ਤਿੰਨ ਏਕੜ ਦੇ ਕਰੀਬ ਬਣੇ ਨਾਮ ਚਰਚਾ ਘਰ ਸੈਦੇ ਕੇ ਮੋਹਨ ਵਿਖੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਨਾਮ ਚਰਚਾ ਕੀਤੀ ਗਈ। ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਮਰਦਾਂ, ਔਰਤਾਂ, ਬੱਚਿਆਂ, ਬਜ਼ੁਰਗਾਂ ਨੇ ਬੱਸਾਂ, ਕਾਰਾਂ, ਟਰੱਕਾਂ, ਮੋਟਰਸਾਈਕਲ ਰਾਹੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।।ਨਾਮ ਚਰਚਾ ਦੋਰਾਨ ਸੂਫੀ ਗਾਇਕ ਗੁਰਪ੍ਰੀਤ ਸਿੱਧੂ ਵਲੋਂ ਸ਼ਬਦਾਂ ਰਾਹੀਂ ਸਾਧ ਸੰਗਤ ਵਿੱਚ ਜੋਸ਼ ਭਰਿਆ ਗਿਆ।।ਪ੍ਰਬੰਧਕੀ ਟੀਮ ਪ੍ਰੇਮੀ ਮੋਹਨ ਲਾਲ, ਰਾਜਨੀਤਕ ਵਿੰਗ ਦੇ ਸ਼ਿੰਦਰਪਾਲ ਸਿੰਘ ਅਤੇ ਹੋਰ 45 ਮੈਂਬਰੀ ਟੀਮ ਵਲੋਂ ਸਾਧ ਸੰਗਤ ਨੂੰ ਇਕਜੁੱਟ ਰਹਿਣ ਅਤੇ ਮਾਨਵਤਾ ਭਲਾਈ ਦੇ ਕੰਮਾਂ ਲਈ ਪੇ੍ਰਰਿਤ ਕੀਤਾ ਗਿਆ।।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨੀਤਕ ਵਿੰਗ ਦੇ ਆਗੂ ਸ਼ਿੰਦਰਪਾਲ ਸਿੰਘ ਨੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਏਕੇ ਦਾ ਸਬੂਤ ਦਿੱਤਾ ਹੈ ਤੇ ਜੋ ਫੈਸਲਾ ਸਾਧ ਸੰਗਤ ਵੋਟਾਂ ਲਈ ਲਵੇਗੀ ਉਸ ’ਤੇ ਫੁੱਲ ਚੜ੍ਹਾਏ ਜਾਣਗੇ।।ਉਹਨਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਾਡੇ ਵਲੋਂ ਸੰਪਰਕ ਨਹੀਂ ਕੀਤਾ ਜਾ ਰਿਹਾ ਅਤੇ ਸਾਧ ਸੰਗਤ ਦਾ ਏਕੇ ਵਿੱਚ ਲਿਆ ਫੈਸਲਾ ਹੀ ਆਖਰੀ ਫੈਸਲਾ ਹੋਵੇਗਾ।।ਸਾਧ ਸੰਗਤ ਵਲੋ ਵੀ ਹੱਥ ਖੜ੍ਹੇ ਕਰਕੇ ਏਕੇ ਦਾ ਸਬੂਤ ਦਿੱਤਾ ਗਿਆ। ਇਸ ਨਾਮ ਚਰਚਾ ਦੌਰਾਨ ਚਾਹੇ ਰਾਜਨੀਤਕ ਵਿੰਗ ਵਲੋਂ ਪੱਤੇ ਨਹੀ ਖੋਲੇ੍ਹ ਗਏ ਪਰ ਸਿਆਸੀ ਗਲਿਆਰਿਆਂ ’ਚ ਇਹ ਇਕੱਠ ਨੇ ਖੁੰਡ-ਚਰਚਾ ਜਰੂਰ ਛੇੜ ਦਿੱਤੀ ਹੈ ਅਤੇ ਆਖਿਰਕਾਰ ਖੁੰਭਾਂ ਵਾਂਗ ਬਾਹਰ ਨਿਕਲ ਕੇ ਆਏ ਡੇਰਾ ਪ੍ਰੇਮੀਆਂ ਦੇ ਇੰਨਾ ਵੱਡਾ ਇਕੱਠ ਸਿਆਸੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਜਰੂਰ ਕਰੇਗਾ।।