ਐਸ.ਐਸ.ਏ./ ਰਮਸਾ ਅਧਿਆਪਕ ਯੂਨੀਅਨ ਫਿਰੋਜ਼ਪੁਰ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਡੀ.ਪੀ.ਆਈ. ਅਤੇ ਸਿੱਖਿਆ ਮੰਤਰੀ ਦੇ ਨਾਮ ਦਿੱਤਾ ਗਿਆ ਮੰਗ ਪੱਤਰ
ਐਸ.ਐਸ.ਏ./ ਰਮਸਾ ਅਧਿਆਪਕ ਯੂਨੀਅਨ ਫਿਰੋਜ਼ਪੁਰ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਕੋਮਲ ਅਰੋੜਾ ਨੂੰ ਡੀ.ਪੀ.ਆਈ. ਅਤੇ ਸਿੱਖਿਆ ਮੰਤਰੀ ਦੇ ਨਾਮ ਦਿੱਤਾ ਗਿਆ ਮੰਗ ਪੱਤਰ
ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਦਾ ਪ੍ਰੋਬੇਸ਼ਨ ਪੀਰੀਅਡ ਕਲੀਅਰ ਕਰਨ ਅਤੇ ਵੱਖ ਵੱਖ ਕਾਰਨਾਂ ਕਰਕੇ ਰੈਗੂਲਰ ਕਰਨ ਤੋਂ ਵਾਂਝੇ ਰੱਖੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਰੱਖੀ ਗਈ ਮੰਗ
ਅੱਜ ਐਸ.ਐਸ.ਏ./ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਅਤੇ ਸਮੂਹ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਨੂੰ ਡੀ.ਪੀ.ਆਈ. (ਸੈ.ਸਿ.) ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ।
Ferozepur, September 16, 2020 ਐੱਸ ਐੱਸ ਏ ਰਮਸਾ ਯੂਨੀਅਨ ਦੇ ਆਗੂ ਸ੍ਰ ਰਤਨਦੀਪ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰੈਗੂਲਰ ਕੀਤੇ 8886 ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ ਰੈਗੂਲਰ ਕਰਨ ਦੀਆਂ ਸ਼ਰਤਾਂ ਮੁਤਾਬਕ 31 ਮਾਰਚ 2020 ਨੂੰ ਪੂਰਾ ਹੋ ਗਿਆ ਸੀ ਅਤੇ 1 ਅਪਰੈਲ ਤੋਂ ਨਿਯਮਾਂ ਮੁਤਾਬਿਕ ਸਮੂਹ ਅਧਿਆਪਕਾਂ ਨੂੰ ਪੂਰੀ ਤਨਖਾਹ ਸਮੇਤ ਭੱਤੇ ਮਿਲਣਯੋਗ ਹਨ ।
ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੁਆਰਾ ਜਾਣ ਬੁੱਝ ਕੇ ਇੱਕ ਅਰਥਹੀਨ ਰਿਪੋਰਟ ਬਣਾ ਕੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਦਾ ਪ੍ਰੋਬੇਸ਼ਨ ਪੀਰੀਅਡ ਛੇ ਮਹੀਨੇ ਹੋਰ ਅੱਗੇ ਵਧਾਉਣ ਦੀ ਸਿੱਖਿਆ ਵਿਭਾਗ ਦੁਆਰਾ ਕੀਤੀ ਕਾਰਵਾਈ ਬਿਲਕੁਲ ਗੈਰ ਵਾਜਬ ਹੈ ਤੇ ਅੱਜ ਸਮੂਹ ਅਧਿਆਪਕਾਂ ਵੱਲੋਂ ਡੀ.ਪੀ.ਆਈ. ਅਤੇ ਸਿੱਖਿਆ ਮੰਤਰੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਮੰਗ ਪੱਤਰ ਭੇਜਦਿਆਂ ਇਸ ਮਸਲੇ ਨੂੰ ਮੁੜ ਵਿਚਾਰਦੇ ਹੋਏ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਦਾ ਪਰਖ ਸਮਾਂ 31 ਮਾਰਚ 2020 ਨੂੰ ਕਲੀਅਰ ਕਰ ਉਨ੍ਹਾਂ ਦੀਆਂ ਸੇਵਾਵਾਂ 01 ਅਪ੍ਰੈਲ 2020 ਤੋਂ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਹੈ ।
ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਦੀਦਾਰ ਸਿੰਘ ਮੁੱਦਕੀ ਬਹੁਤ ਮਿਹਨਤੀ ਅਧਿਆਪਕ ਹਨ ਜਿਸ ਦੀ ਗਵਾਹੀ ਪਿਛਲੇ ਗਿਆਰਾਂ ਸਾਲ ਦੀ ਸੇਵਾ ਦੌਰਾਨ ਉਨ੍ਹਾਂ ਵੱਲੋਂ ਪੜ੍ਹਾਈਆਂ ਜਮਾਤਾਂ ਦੇ ਲੱਗਭੱਗ 100 ਪ੍ਰਤੀਸ਼ਤ ਆਏ ਨਤੀਜੇ ਭਰਦੇ ਹਨ ਹੋਰ ਤਾਂ ਹੋਰ ਜਿਸ ਸਮੇੰ ਬਾਰੇ ਵਿਭਾਗ ਨੇ ਅਸੰਤੁਸ਼ਟੀ ਜਾਹਿਰ ਕਰਦਿਆਂ ਪ੍ਰੋਬੇਸ਼ਨ ਪੀਰੀਅਡ ਵਿੱਚ ਵਾਧਾ ਕੀਤਾ ਹੈ ਉਸ ਸਮੇਂ ਲਈ ਵੀ ਸ਼ਤ-ਪ੍ਰਤੀਸ਼ਤ ਨਤੀਜਾ ਦੇਣ ਤੇ ਸਿੱਖਿਆ ਸਕੱਤਰ ਪੰਜਾਬ ਵੱਲੋਂ ਦੀਦਾਰ ਸਿੰਘ ਮੁੱਦਕੀ ਨੂੰ ਪ੍ਰਸ਼ੰਸਾ ਪੱਤਰ ਵੀ ਭੇਜਿਆ ਗਿਆ ਹੈ।
ਇਹ ਸਾਰੀਆਂ ਗੱਲਾਂ ਇਸ ਤੱਥ ਵੱਲ ਇਸ਼ਾਰਾ ਕਰਦੀਆਂ ਹਨ ਕਿ ਪ੍ਰੋਬੇਸ਼ਨ ਪੀਰੀਅਡ ਅੱਗੇ ਵਧਾਉਣ ਦਾ ਕਾਰਨ ਕਾਰੁਜਗਾਰੀ ਨਾ ਹੋ ਕੇ ਦੀਦਾਰ ਸਿੰਘ ਮੁੱਦਕੀ ਦੁਆਰਾ ਤਨਖਾਹ ਕਟੌਤੀ ਅਤੇ ਹੋਰ ਸਰਕਾਰੀ ਵਧੀਕੀਆਂ ਵਿਰੁੱਧ ਲਗਾਤਾਰ ਦਸ ਸਾਲ ਕੀਤੀ ਅਗਵਾਈ ਹੈ। ਸਿੱਖਿਆ ਅਧਿਕਾਰੀਆਂ ਵੱਲੋਂ ਕਿੜ੍ਹ ਤਹਿਤ ਕੀਤੀ ਇਹ ਕਾਰਵਾਈ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੈ।
ਇਸ ਲਈ ਅੱਜ ਜਿਲ੍ਹੇ ਦੇ ਐਸ.ਐਸ
ਏ./ਰਮਸਾ ਅਧਿਆਪਕਾਂ ਵੱਲੋਂ ਇਸ ਮੰਗ ਪੱਤਰ ਰਾਹੀਂ ਇਸ ਫੈਸਲੇ ਤੇ ਮੁੜ ਗੌਰ ਕਰਕੇ ਉਨ੍ਹਾਂ ਦਾ ਪਰਖ ਸਮਾਂਨੂੰ 31 ਮਾਰਚ, 2020 ਨੂੰ ਪੂਰਾ ਕਰਕੇ 1 ਅਪਰੈਲ 2020 ਤੋਂ ਪੂਰੀ ਤਨਖਾਹ ਸਮੇਤ ਭੱਤੇ ਤੋਂ ਫਿਕਸ ਕਰਨ ਦੀ ਮੰਗ ਕੀਤੀ ਗਈ ਹੈ।
ਮੰਗ ਪੱਤਰ ਵਿੱਚ ਉਪਰੋਕਤ ਤੋਂ ਇਲਾਵਾ ਵੱਖ ਵੱਖ ਕਾਰਨਾਂ ਕਾਰਨ ਰੈਗੂਲਰ ਕਰਨ ਤੋਂ ਵਾਂਝੇ ਰੱਖੇ ਐੱਸ.ਐੱਸ.ਏ/ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਕੁਝ ਕਾਰਨਾਂ ਕਾਰਨ ਵਿਭਾਗ ਵਿੱਚ ਆਉਣ ਦੀ ਆਪਸ਼ਨ ਲੈਣ ਤੋਂ ਵਾਂਝੇ ਰਹੇ ਅਧਿਆਪਕਾਂ ਨੂੰ ਇਸ ਸਬੰਧੀ ਇੱਕ ਮੌਕਾ ਦੇਣ , ਪਰਖ ਸਮਾਂ ਪੂਰਾ ਹੋਣ ਦੌਰਾਨ ਪ੍ਰਸੂਤਾ ਛੁੱਟੀ ਤੇ ਚੱਲ ਰਹੀਆਂ ਮਹਿਲਾ ਅਧਿਆਪਕਾਂ ਦਾ ਪਰਖ ਸਮਾਂ 01 ਅਪਰੈਲ 2020 ਨੂੰ ਕਲੀਅਰ ਕਰ ਉਸੇ ਮਿਤੀ ਤੋਂ ਪੂਰੀ ਤਨਖਾਹ ਅਤੇ ਭੱਤੇ ਦੇਣ , 11 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਇਨ੍ਹਾਂ ਅਧਿਆਪਕਾਂ ਨੂੰ ਵਿਭਾਗ ਵਿੱਚ ਸੀਨੀਅਰਤਾ ਦੇਣ, ਅੈੱਸ.ਅੈੱਸ.ਏ./ਰਮਸਾ ਅਧਿਆਪਕਾਂ ਦੀਆਂ ਵਿਭਾਗੀ ਛੁੱਟੀਆਂ 01 ਅਪ੍ਰੈਲ 2018 ਤੋਂ ਲਾਗੂ ਕਰਨ ਅਤੇ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਮਸਲੇ ਨੂੰ ਮੁੜ ਵਿਚਾਰਨ ਲਈ ਬਣਾਈ ਕਮੇਟੀ ਵੱਲੋਂ ਇਸ ਫ਼ੈਸਲੇ ਨੂੰ ਵਾਪਸ ਲੈਂਦਿਆਂ ਪੂਰੀ ਤਨਖਾਹ ਦੇਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋੰ ਇਲਾਵਾ ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ, ਗੁਰਦੇਵ ਸਿੰਘ,ਸੀ ਐੱਫ ਏ ਤੋਂ ਲਖਵਿੰਦਰ ਸਿੰਘ ਸਿਮਕ,ਈ ਟੀ ਟੀ ਟੈਟ ਪਾਸ ਯੂਨੀਅਨ ਦੇ ਆਗੂ ਸਰਬਜੀਤ ਭਾਵੜਾ,ਈ ਟੀ ਯੂ ਤੋਂ ਹਰਜੀਤ ਸਿੱਧੂ,ਗੁਰਜੀਤ ਸੋਢੀ,ਜੀ ਟੀ ਯੂ ਤੋਂ ਮੈਡਮ ਸ਼ਹਿਨਾਜ਼,ਜੀ ਐੱਸ ਟੀ ਯੂ ਤੋਂ ਬਾਜ਼ ਸਿੰਘ,ਬੀ.ਐੱਡ ਫਰੰਟ ਤੋਂ ਪਰਮਜੀਤ ਪੰਮਾ,ਸੀ ਏ ਯੂ ਤੋਂ ਹਰਜੀਤ ਸੰਧੂ, ਸਿਮਕ,6060 ਮਾਸਟਰ ਕਾਦਰ ਤੋਂ ਜਗਬੀਰ ਸਿੰਘ, ਤੋਂ ਇਲਾਵਾ ਗੁਰਦੇਵ ਸਿੰਘ,ਸੰਦੀਪ ਸਹਿਗਲ,ਵਿਸ਼ਾਲ ਗੁਪਤਾ,ਫਰਾਂਸਿਸ, ਤਰਲੋਕ ਭੱਟੀ,ਇੰਦਰਪਾਲ ਸਿੰਘ,ਗੁਰਮੀਤ ਸਿੰਘ,ਦਵਿੰਦਰ,ਮੁਕੇਸ਼ ਕੁਮਾਰ,ਅਮਿਤ ਕੰਬੋਜ਼,ਰਖਵੰਤ ਸਿੰਘ, ਸੰਜੇ ਕੁਮਾਰ,ਤਰਲੋਕ ਭੱਟੀ,ਪ੍ਰਵੀਨ ਕੁਮਾਰ,ਸਤੀਸ਼ ਕੁਮਾਰ,ਕੁਲਦੀਪ ਸਿੰਘ,ਸੰਤੋਖ ਸਿੰਘ,ਗੁਰਵਿੰਦਰ ਸਿੰਘ, ਮਨੀਸ਼ ਕੁਮਾਰ,ਚੰਦਨ ਕੁਮਾਰ,ਰਾਜੇਸ਼ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।