Ferozepur News
ਨਗਰ ਕੌਂਸਲ ਨੂੰ ਵਿਕਾਸ ਕੰਮਾਂ ਲਈ ਮਿਲੀ ਸਾਢੇ ਪੰਜ ਕਰੋੜ ਦੀ ਗ੍ਰਾਂਟ
14ਵੇਂ ਤੇ 15ਵੇਂ ਵਿੱਤ ਕਮੀਸ਼ਨ ਵੱਲੋਂ ਜਾਰੀ ਹੋਈ ਰਾਸ਼ੀ : ਵਿਧਾਇਕ ਪਿੰਕੀ
ਫਿਰੋਜ਼ਪੁਰ, 30 ਅਗਸਤ 2020 – ਸੂਬੇ ਦੀ ਸਾਬਕਾ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦੇ ਸ਼ਾਸਨ ਦੌਰਾਨ ਅਕਸਰ ਘਾਟੇ ਵਿਚ ਰਹਿਣ ਵਾਲੀ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਇਸ ਸਮੇਂ ਜਿੱਥੇ ਲਾਭ ਵਿਚ ਹੈ ਉਥੇ ਸ਼ਹਿਰ ਵਿਚ ਵਿਕਾਸ ਦੇ ਕੰਮ ਵੀ ਲਗਾਤਾਰ ਜਾਰੀ ਹਨ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ 14ਵੇਂ ਤੇ 15ਵੇਂ ਵਿੱਤ ਕਮੀਸ਼ਨ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਨੂੰ ਵਿਕਾਸ ਦੇ ਕੰਮਾਂ ਲਈ ਸਾਢੇ ਪੰਜ ਕਰੋੜ ਰੁਪਏ ਦੀ ਹੋਰ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਨਾਲ ਸ਼ਹਿਰ ਵਿਚ ਰਹਿੰਦੇ ਵਿਕਾਸ ਦੇ ਕੰਮ ਮੁਕੰਮਲ ਕਰਵਾਏ ਜਾਣਗੇ। ਪਿੰਕੀ ਨੇ ਦੱਸਿਆ ਕਿ ਉਨਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਦੀ ਕਮੇਟੀ ਅਕਾਲੀ ਭਾਜਪਾ ਸਰਕਾਰ ਵੇਲੇ ਜਿੱਥੇ ਵੱਡੇ ਘਾਟੇ ਵਿਚ ਰਹਿੰਦੀ ਸੀ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਦੇਣੀਆਂ ਮੁਸ਼ਕਲ ਹੋ ਜਾਂਦੀਆਂ ਸਨ, ਇਹੀ ਕਮੇਟੀ ਅੱਜ ਕਾਂਗਰਸ ਦੇ ਰਾਜ ਵਿਚ ਲਾਭ ਵਿਚ ਹੈ। ਉਨਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਦੀ ਸੋਚ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੀ ਹੈ, ਨਗਰ ਕੌਂਸਲ ਦਫਤਰ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ਵਿਚ ਕਟੌਤੀਆਂ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਦੀ ਵਿੱਤੀ ਹਾਲਤ ਸੁਧਾਰੀ ਗਈ। ਇਸ ਤੋਂ ਬਾਅਦ ਕਮੇਟੀ ਦੀ ਆਮਦਨ ਦੇ ਸਾਧਨ ਵਧਾਏ ਗਏ ਜਿਸ ਦੇ ਸਿੱਟੇ ਵਜੋਂ ਅੱਜ ਹਰ ਮੁਲਾਜ਼ਮ ਨੂੰ ਸਮੇਂ ਸਿਰ ਤੇ ਲਗਾਤਾਰ ਤਨਖਾਹ ਮਿਲ ਰਹੀ ਹੈ। ਕਾਂਗਰਸੀ ਆਗੂ ਗੁਲਸ਼ਨ ਮੋਂਗਾ ਨੇ ਦੱਸਿਆ ਕਿ ਕਮੇਟੀ ਵੱਲੋਂ ਪਹਿਲਾਂ ਸ਼ਹਿਰ ਦੇ ਕੂੜਾ ਕਰਕਟ ਦੇ ਨਿਪਟਾਰੇ ਦੇ ਲਈ ਰੋਜ਼ਾਨਾ 2000 ਰੁਪਏ ਖਰਚ ਕੇ ਕਿਰਾਏ ਤੇ ਟਰੈਕਟਰ ਤੇ ਲੋਡਰ ਲਿਆ ਜਾਂਦਾ ਸੀ। ਵਿਧਾਇਕ ਪਿੰਕੀ ਨੇ ਇਸ ਮੁਸ਼ਕਲ ਦਾ ਹੱਲ ਕਰਦੇ ਹੋਏ ਕਮੇਟੀ ਨੂੰ ਨਵਾਂ ਟਰੈਕਟਰ ਤੋ ਲੋਡਰ ਲਿਆਉਣ ਲਈ ਫੰਡ ਜਾਰੀ ਕਰਵਾ ਕੇ ਦਿੱਤਾ। ਇਸ ਤੋਂ ਇਲਾਵਾ ਕਈ ਹੋਰ ਅਜਿਹੇ ਕੰਮ ਕਰਵਾਏ ਗਏ ਜਿਸ ਨਾਲ ਕਮੇਟੀ ਦੀ ਆਮਦਨ ਵਿਚ ਵਾਧਾ ਹੋਇਆ ਤੇ ਖਰਚੇ ਘੱਟ ਹੋਏ। ਮੋਂਗਾ ਨੇ ਕਿਹਾ ਕਿ ਵਿਧਾਇਕ ਪਿੰਕੀ ਦੀ ਸੋਚ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵੱਧਣ ਦੀ ਹੈ ਤੇ ਸ਼ਹਿਰ ਦਾ ਬਿਨਾਂ ਭੇਦਭਾਵ ਸਰਵਪੱਖੀ ਵਿਕਾਸ ਕਰਵਾਉਣ ਦੀ ਹੈ ਤੇ ਉਹ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਵਿੱਤ ਕਮੀਸ਼ਨ ਵੱਲੋਂ ਕੌਂਸਲ ਨੂੰ ਜਾਰੀ ਕੀਤੀ ਗਈ ਸਾਢੇ ਪੰਜ ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਨਾਲ ਵੀ ਸ਼ਹਿਰ ਵਿਚ ਅੱਵਲ ਦਰਜੇ ਦੇ ਵਿਕਾਸ ਕੰਮ ਕਰਵਾਏ ਜਾਣਗੇ।