ਬਜ਼ੁਰਗਾਂ ਦਾ ਘਟਦਾ ਸਤਿਕਾਰ ਚਿੰਤਾ ਦਾ ਵਿਸ਼ਾ
ਬਜ਼ੁਰਗਾਂ ਦਾ ਘਟਦਾ ਸਤਿਕਾਰ ਚਿੰਤਾ ਦਾ ਵਿਸ਼ਾ।
ਮਾਈ ਭਾਗੋ ਜੀ ਨੇ ਜਿਸ ਪਵਿੱਤਰ ਸਥਾਨ ਤੇ ਔਰਤਾਂ ਦੀ ਬਹਾਦਰੀ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਸੀ, ਉਸੇ ਹੀ ਸਥਾਨ ਸੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਇਨਸਾਨੀ ਦਰਿੰਦਗੀ ਅਤੇ ਤਾਰ ਤਾਰ ਹੁੰਦੇ ਪਵਿੱਤਰ ਰਿਸ਼ਤਿਆਂ ਦੀ ਇੱਕ ਬਜ਼ੁਰਗ ਔਰਤ ਨਾਲ ਵਾਪਰੀ ਅਜਿਹੀ ਮੰਦਭਾਗੀ ਘਟਨਾ ਸਮਾਜ ਸਾਹਮਣੇ ਆਈ ਜਿਸ ਨੇ ਇਨਸਾਨੀਅਤ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ । ਪੜ੍ਹੇ ਲਿਖੇ ਬੱਚਿਆਂ ਦੀ 82 ਸਾਲਾਂ ਬਜ਼ੁਰਗ ਮਾਤਾ ਨੇ ਜ਼ਿੰਦਗੀ ਦੇ ਦਰਦਨਾਕ ਅੰਤ ਦੀ ਕਦੇ ਕਲਪਨਾ ਵੀ ਨਹੀ ਕੀਤੀ ਹੋਵੇਗੀ । ਉਸ ਨੇ ਬੱਚਿਆਂ ਨੂੰ ਜਨਮ ਦੇਨ ਵੇਲੇ ,ਉਨ੍ਹਾਂ ਨੂੰ ਉਚੇਰੀ ਸਿਖਿਆ ਦੇਣ ਸਮੇ ਅਤੇ ਸਰਕਾਰੀ ਨੌਕਰੀਆਂ ਪ੍ਰਾਪਤੀ ਸਮੇਂ ਜੋ ਖ਼ੁਸ਼ੀਆਂ ਮਨਾਈਆਂ ਹੋਣਗੀਆਂ, ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਿੰਨੇ ਕਸ਼ਟ ਸਹੇ ਹੋਣਗੇ ।ਬੱਚਿਆਂ ਦੀ ਖੁਸ਼ੀ ਨੂੰ ਜਿਸ ਮਾਤਾ ਨੇ ਆਪਣੀ ਖ਼ੁਸ਼ੀ ਸਮਝਿਆ ਹੋਵੇਗਾ ।ਉਨ੍ਹਾਂ ਹੀ ਬੱਚਿਆਂ ਨੇ ਜਦੋਂ ਮਾਤਾ ਬਜ਼ੁਰਗ ਹੋ ਗਈ, ਜਦੋਂ ਉਸ ਨੂੰ ਬੱਚਿਆਂ ਦੇ ਸਹਾਰੇ ਦੀ ਸਭ ਤੋਂ ਵੱਡੀ ਜ਼ਰੂਰਤ ਸੀ ਤਾਂ, ਉਸ ਨੂੰ ਕਿਸੇ ਅਜਨਬੀ ਦੇ ਹਵਾਲੇ ਕਰ ਦਿੱਤਾ। ਬਿਮਾਰੀ ਦੀ ਹਾਲਤ ਵਿੱਚ ਉਸ ਦੀ ਸਾਰ ਤੱਕ ਨਾ ਲਈ ਅਤੇ ਆਖਰਕਾਰ ਉਹ ਪੀੜਾਂ ਨਾ ਸਹਾਰਦੀ, ਇਸ ਪਦਾਰਥਵਾਦੀ, ਬੇਗੈਰਤ ਅਤੇ ਲਾਲਚੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ ਅਤੇ ਆਪਣੇ ਪਿੱਛੇ ਅਨੇਕਾਂ ਸਵਾਲ ਛੱਡ ਗਈ ।ਪਵਿੱਤਰ ਰਿਸ਼ਤਿਆਂ ਦੀ ਮਾੜੀ ਤਸਵੀਰ ਨੂੰ ਪੇਸ਼ ਕਰਦੀ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ। ਅਜੋਕੇ ਯੁੱਗ ਵਿੱਚ ਪੈਸੇ ਦੀ ਵੱਧਦੀ ਲਾਲਸਾ ਨੇ ਰਿਸ਼ਤਿਆਂ ਦੀ ਗਰਮਾਹਟ ਨੂੰ ਖਤਮ ਕਰਕੇ ਰੱਖ ਦਿੱਤਾ ਹੈ ।
ਕੁਝ ਸਮਾਂ ਪਹਿਲਾਂ ਮਾਤਾ ਪਿਤਾ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ। ਸੰਯੁਕਤ ਪਰਿਵਾਰ ਵਿੱਚ ਘਰ ਦੇ ਹਰ ਛੋਟੇ ,ਵੱਡੇ ਫ਼ੈਸਲੇ ਬਜ਼ੁਰਗਾਂ ਦੀ ਆਗਿਆ ਨਾਲ ਹੀ ਹੁੰਦੇ ਸਨ ।ਘਰ ਦੇ ਹਰ ਕੰਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਅਤੇ ਅਗਵਾਈ ਨੂੰ ਜ਼ਰੂਰੀ ਮੰਨਿਆ ਜਾਂਦਾ ਸੀ । ਅਰਥਾਤ ਬਜ਼ੁਰਗ ਮਾਪਿਆਂ ਦਾ ਬੇਹੱਦ ਸਤਿਕਾਰ ਕੀਤਾ ਜਾਂਦਾ ਸੀ । ਮਾਤਾ ਪਿਤਾ ਦੇ ਸਤਿਕਾਰ ਲਈ ਸਰਵਣ ਪੁੱਤਰ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ । ਜਿਸ ਨੇ ਨੇਤਰਹੀਣ ਮਾਤਾ ਪਿਤਾ ਨੂੰ ਵਹਿੰਗੀ ਵਿੱਚ ਬਿਠਾ ਕੇ ਉਨ੍ਹਾਂ ਦੀ ਇੱਛਾ ਪੂਰਤੀ ਲਈ ਕਠਿਨ ਹਾਲਾਤਾਂ ਵਿੱਚ ਵੀ ਤੀਰਥ ਯਾਤਰਾ ਕਰਵਾਈ ।
ਸਾਨੂੰ ਪੰਜਾਬੀ ਗੀਤਾਂ ਵਿੱਚ ਵੀ ਬਜ਼ੁਰਗਾਂ ਦੇ ਸਤਿਕਾਰ ਦੀ ਝਲਕ ਮਿਲਦੀ ਹੈ ਜਿਵੇਂ ਕਿ
“ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੇ ਮਾਪੇ ”
ਮਾਂ ਬਾਰੇ ਤਾਂ ਪ੍ਰੋਫੈਸਰ ਮੋਹਨ ਸਿੰਘ ਨੇ ਬੇਹੱਦ ਖੂਬਸੂਰਤ ਸਤਰਾਂ ਲਿਖੀਆਂ ਹਨ।
ਮਾਂ ਵਰਗਾ ਘਣਛਾਵਾਂ ਬੂਟਾ, ਮੈਂਨੂੰ ਨਜਰ ਨਾ ਆਏ।
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ।
ਸਾਡੇ ਧਾਰਮਿਕ ਮਹਾਂਪੁਰਸ਼ ਵੀ ਅਕਸਰ ਕਹਿੰਦੇ ਹਨ ਕਿ ਜਿਸ ਦੇ ਘਰ ਮਾਂ ਬਾਪ ਹਨ ,ਉਨ੍ਹਾਂ ਨੂੰ ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰਨ ਦੀ ਜਰੂਰਤ ਨਹੀਂ ਮਾਤਾ ਪਿਤਾ ਦੀ ਸੇਵਾ ਹੀ ਰੱਬ ਦੇ ਘਰ ਦੀ ਸੇਵਾ ਹੈ ।
ਯਹੂਦੀ ਧਰਮ ਵਿੱਚ ਕਹਿੰਦੇ ਹਨ ਕਿ ਪਰਮਾਤਮਾ ਹਰ ਥਾਂ ਨਹੀਂ ਪਹੁੰਚ ਸਕਦਾ, ਇਸ ਲਈ ਉਸ ਨੇ ਮਾਵਾਂ ਬਣਾਈਆਂ ਹਨ। ਭਾਈ ਗੁਰਦਾਸ ਜੀ ਵੀ ਮਾਤਾ ਪਿਤਾ ਨੂੰ ਤਿਆਗ ਕੇ ਹਰ ਤਰ੍ਹਾਂ ਦੇ ਜਪ ਤਪ ਨੂੰ ਰੱਦ ਕਰਦੇ ਹੋਏ ਫ਼ਰਮਾਉਂਦੇ ਹਨ:
ਮਾਂ ਪਿਓ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਥਾ ਕਹਾਣੀ ।
ਸਾਡੇ ਬਜ਼ੁਰਗ ਸਮਾਜ ਤੇ ਪਰਿਵਾਰ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੇ ਜੀਵਨ ਦੇ ਵਡਮੁੱਲੇ ਤਜਰਬੇ , ਉਨ੍ਹਾਂ ਦੀ ਪਕੇਰੀ ਸੂਝ ਬੂਝ ਅਤੇ ਸਿਆਣਪ ਦਾ ਲਾਭ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਨੂੰ ਮਿਲਦਾ ਹੈ। ਭਾਰਤੀ ਸੱਭਿਅਤਾ ਸਾਨੂੰ ਜੀਵਨ ਜਾਂਚ ਅਤੇ ਬਿਹਤਰੀਨ ਮਨੁੱਖੀ ਰਿਸ਼ਤਿਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਯੋਗ ਮਾਰਗ ਦਰਸ਼ਨ ਕਰਦੀ ਹੈ ।
ਸਰਵਣ ਪੁੱਤਰ ਦੀ ਇਸ ਧਰਤੀ ਦਾ ਗੌਰਵਮਈ ਇਤਿਹਾਸ ਹੋਣ ਦੇ ਬਾਵਜੂਦ ਪਿਛਲੇ ਕੁਝ ਸਮੇਂ ਤੋਂ ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਐਸਾ ਵਿਗਾੜ ਆਇਆ ਕਿ ,ਸਾਨੂੰ ਆਪਣੇ ਬਜ਼ੁਰਗ ਬੋਝ ਲੱਗਣ ਲੱਗ ਪਏ ।ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਪਦਾਰਥਵਾਦੀ ਸੋਚ ਦਿਨ ਬ ਦਿਨ ਭਾਰੂ ਹੁੰਦੀ ਜਾ ਰਹੀ ਹੈ । ਬੱਚਿਆਂ ਨੇ ਜਿਸ ਉਮਰ ਵਿੱਚ ਮਾਤਾ ਪਿਤਾ, ਦਾਦਾ ਦਾਦੀ ਦੇ ਸਹਾਰੇ ਦੀ ਡੰਗੋਰੀ ਬਣਨਾ ਸੀ। ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਪ੍ਰਦਾਨ ਕਰਨ ਵਿਚ ਸਹਿਯੋਗ ਕਰਨਾ ਸੀ । ਉਸ ਸਮੇਂ ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣੀ, ਪੈਸੇ ਦੀ ਅੰਨ੍ਹੀ ਦੌੜ ਵਿੱਚ ਰੁੱਝੀ, ਆਧੁਨਿਕਤਾ ਵੱਲੋਂ ਚੁੰਧਿਆਈ ਨੌਜਵਾਨ ਪੀੜ੍ਹੀ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ । ਆਪਣੇ ਬਜ਼ੁਰਗਾਂ ਨੂੰ ਫਾਲਤੂ ਚੀਜ਼ ਸਮਝ ਕੇ ਆਪਣੇ ਤੋਂ ਦੂਰ ਕਰ ਰਹੀ ਹੈ। ਇਹ ਗੱਲ ਨੌਜਵਾਨ ਵਰਗ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ, ਤੁਸੀਂ ਦੂਸਰਿਆਂ ਨਾਲ ਉਹੋ ਜਿਹਾ ਵਿਹਾਰ ਕਰੋ, ਜਿਸ ਤਰ੍ਹਾਂ ਦਾ ਤੁਸੀਂ ਆਪ ਆਸ ਰੱਖਦੇ ਹੋ ।
ਪਦਾਰਥਵਾਦੀ ਸੋਚ ਦੀ ਬਦੌਲਤ ਮਨੁੱਖ ਧਨ ,ਦੌਲਤ, ਵੱਡੀਆਂ ਵੱਡੀਆਂ ਜਾਇਦਾਦਾਂ, ਰਾਜਸੀ ਸ਼ਕਤੀਆਂ ਅਤੇ ਸੁੱਖ ਸਹੂਲਤਾਂ ਇਕੱਠੀਆਂ ਕਰਨ ਦੀ ਅੰਨ੍ਹੀ ਦੌੜ ਵਿੱਚ ਲੱਗਿਆ ਹੋਇਆ, ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰ ਰਿਹਾ ਹੈ । ਪ੍ਰੰਤੂ ਇਸ ਸਭ ਦੇ ਬਾਵਜੂਦ ਇੱਕ ਚੰਗਾ ਇਨਸਾਨ ਬਣਨ ਲਈ ਜ਼ਰੂਰੀ ਨੈਤਿਕ ਕਦਰਾਂ ਕੀਮਤਾਂ ,ਸਿਧਾਂਤਾਂ, ਮਰਿਆਦਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਭੁੱਲ ਚੁੱਕਿਆ ਹੈ । ਮਨੁੱਖੀ ਜੀਵਨ ਵਿੱਚੋਂ ਨੇਕੀ ,ਪਰਉਪਕਾਰ ,ਪਿਆਰ, ਸਤਿਕਾਰ, ਪ੍ਰੇਮ, ਸਹਿਯੋਗ, ਰਿਸ਼ਤਿਆਂ ਦੀ ਗਰਮਾਹਟ ਅਤੇ ਮਾਤਾ ਪਿਤਾ ਦਾ ਸਤਿਕਾਰ ਬਹੁਤ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ ।
ਬਜ਼ੁਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਹੈਲਏਜ ਦੀ ਸਰਵੇ ਰਿਪੋਰਟ ਅਨੁਸਾਰ ਸਾਡੇ ਦੇਸ਼ ਵਿੱਚ 31 ਪ੍ਰਤੀਸ਼ਤ ਬਜ਼ੁਰਗਾਂ ਦਾ ਕਹਿਣਾ ਹੈ ਕਿ, ਉਨ੍ਹਾਂ ਦਾ ਪਰਿਵਾਰ ਵਿੱਚ ਅਪਮਾਨ ਹੁੰਦਾ ਹੈ । ਉਨ੍ਹਾਂ ਦਾ ਅਪਮਾਨ ਅਤੇ ਬੇਦਬੀ ਕਰਨ ਵਾਲੇ 56 ਫ਼ੀਸਦੀ ਉਨ੍ਹਾਂ ਦੇ ਪੁੱਤਰ ਹੀ ਹਨ ।ਅਜਿਹੇ ਹੈਰਾਨੀਜਨਕ ਅਤੇ ਉਦਾਸ ਕਰਨ ਵਾਲੇ ਤੱਥ ਸੱਭਿਅਕ ਸਮਾਜ ਲਈ ਬੇਹੱਦ ਚਿੰਤਾ ਦਾ ਵਿਸ਼ਾ ਹਨ ।
ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਬਜ਼ੁਰਗਾਂ ਨੂੰ ਸਮਾਜ ਦਾ ਸਰਮਾਇਆ ਸਮਝਦੇ ਹੋਏ ਉਨ੍ਹਾਂ ਨੂੰ ਬਣਦਾ ਮਾਣ ਸਤਕਾਰ ਦੇਣ ਅਤੇ ਉਨ੍ਹਾਂ ਯੋਗ ਦੇਖਭਾਲ ਕਰਨ ।ਹੋ ਸਕਦਾ ਹੈ ਕਿ ਇਸ ਮਾਨ ਸਤਿਕਾਰ ਦੇ ਘੱਟ ਹੋਣ ਵਿੱਚ ਕਈ ਵਾਰ ਬਜ਼ੁਰਗਾਂ ਕੋਲੋਂ ਵੀ ਕੋਈ ਗਲਤੀ ਹੋ ਸਕਦੀ ਹੈ, ਕਿਉਕਿ ਤਾੜੀ ਹਮੇਸ਼ਾ ਦੋਨਾਂ ਹੱਥਾਂ ਨਾਲ ਵੱਜਦੀ ਹੈ ।ਅਨੇਕਾਂ ਵਾਰ ਵਧਦੀ ਉਮਰ ਦੀਆਂ ਸਮੱਸਿਆਵਾਂ ,ਸਰੀਰਕ ਜਾਂ ਮਾਨਸਿਕ ਦਰਦ ਕਾਰਨ ਬਜ਼ੁਰਗ ਚਿੜਚਿੜੇ ਹੋ ਜਾਂਦੇ ਹਨ ।ਉਨ੍ਹਾਂ ਦਾ ਵਿਵਹਾਰ ਬੱਚਿਆਂ ਵਾਂਗ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਬੱਚਿਆਂ ਦੇ ਧੀਰਜ ਅਤੇ ਸਹਿਣਸ਼ੀਲਤਾ ਦੀ ਅਸਲ ਪ੍ਰੀਖਿਆ ਹੁੰਦੀ ਹੈ।
ਸੰਯੁਕਤ ਪਰਿਵਾਰਾਂ ਦੇ ਟੁੱਟਣ ਕਾਰਨ ਦਾਦੇ ਦਾਦੀ ਵੱਲੋਂ ਜੀਵਨ ਨੂੰ ਚੰਗੀ ਸੇਧ ਦੇਨ ਲਈ ਸੁਣਾਈਆਂ ਜਾਂਦੀਆਂ ਰਾਜੇ, ਰਾਣੀਆਂ, ਜਾਦੂਗਰਾਂ ,ਬਾਦਸ਼ਾਹਾ ਅਤੇ ਪਰੀਆਂ ਦੀਆਂ ਕਹਾਣੀਆਂ ਦੀ ਥਾਂ ਹੁਣ ਟੀ.ਵੀ,ਕੰਪਿਊਟਰ , ਮੁਬਾਇਲ ਫੋਨ , ਵੀਡੀਓ ਗੇਮਜ਼ , ਆਨਲਾਇਨ ਗੇਮਜ਼ ਅਤੇ ਸੋਸ਼ਲ ਮੀਡੀਆ ਨੇ ਲੈ ਲਈ ਹੈ।ਜਿਸ ਨਾਲ ਬੱਚੇ ਬਜ਼ੁਰਗਾਂ ਤੋਂ ਜ਼ਿੰਦਗੀ ਦੇ ਤਜਰਬੇ, ਸੰਸਕਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਸੁਣਨ ਤੋਂ ਵਾਂਝੇ ਰਹਿ ਗਏ ਅਤੇ ਬਜ਼ੁਰਗ ਵੀ ਇਕੱਲਾਪਨ ਮਹਿਸੂਸ ਕਰਨ ਲੱਗੇ ।ਹੁਣ ਬਜ਼ੁਰਗਾਂ ਨੂੰ ਵੀ ਇਸ ਬਦਲਾਅ ਨੂੰ ਸਵੀਕਾਰ ਕਰਨਾ ਪਏਗਾ ।
ਬਜ਼ੁਰਗਾਂ ਨੂੰ ਆਪਣੀ ਆਖਰੀ ਉਮਰ ਸੁਖਦਾਇਕ ਕੱਟਣ ਲਈ ਆਪਣੇ ਦ੍ਰਿਸ਼ਟੀਕੋਣ ਵਿੱਚ ਵੀ ਤਬਦੀਲੀ ਲਿਆਉਣੀ ਪਏਗੀ ।ਆਪਣੇ ਆਪ ਨੂੰ ਕਿਸੇ ਅਸਾਨ ਕੰਮ ਵਿੱਚ ਰੁਝੇਵਾਂ ਬਣਾਉਣਾ , ਕਿਸੇ ਨਾ ਕਿਸੇ ਤਰਾ ਦੀਆਂ ਉਸਾਰੂ ਗਤੀਵਿਧੀਆਂ ਵਿੱਚ ਭਾਗ ਲੈਣ ਦੀ ਚੰਗੀ ਆਦਤ ਬਨਾਉਣਾ ਅਤੇ ਆਪਣੀ ਔਲਾਦ ਤੇ ਪੂਰਨ ਰੂਪ ਵਿੱਚ ਨਿਰਭਰਤਾ ਘਟਾਉਣ ਦੇ ਨਾਲ ,ਚੰਗੀ ਸਿਹਤ ਦੇ ਨਾਲ ਨਾਲ ਚੰਗੇ ਨਤੀਜੇ ਵੀ ਮਿਲ ਸਕਦੇ ਹਨ ਅਤੇ ਪਰਿਵਾਰਕ ਸ਼ਾਂਤੀ ਅਤੇ ਸਤਿਕਾਰ ਵੀ ਬਹਾਲ ਰਹਿ ਸਕਦਾ ਹੈ ।
ਬਜ਼ੁਰਗ ਅਤੇ ਨੌਜਵਾਨ ਪੀੜ੍ਹੀ ਦੇ ਸੰਬੰਧ ਵਿੱਚ ਆ ਰਹੀ ਤਰੇੜ, ਵਧ ਰਹੇ ਫ਼ਾਸਲੇ ਅਤੇ ਪਾੜੇ ਨੂੰ ਘੱਟ ਕਰਨ ਲਈ ਉਸਾਰੂ ਵਿਉਂਤਬੰਦੀ ਅਤੇ ਉਸਾਰੂ ਵਾਤਾਵਰਨ ਦੀ ਵੱਡੀ ਲੋੜ ਹੈ । ਤਾਂ ਜੋ ਨੌਜਵਾਨ ਪੀੜ੍ਹੀ ਬਜ਼ੁਰਗਾਂ ਦੇ ਤਜਰਬਿਆਂ ਦੇ ਅਮੁੱਕ ਭੰਡਾਰ ਵਿਚੋਂ ਅਨਮੋਲ ਮੋਤੀ ਗ੍ਰਹਿਣ ਕਰ ਸਕੇ।
ਡਾ. ਸਤਿੰਦਰ ਸਿੰਘ
ਸਟੇਟ ਅਤੇ ਨੈਸ਼ਨਲ ਅਵਾਰਡੀ
ਪ੍ਰਧਾਨ
ਐਗਰੀਡ ਫਾਉਂਡੇਸ਼ਨ ਪੰਜਾਬ
( ਸਿਖਿਆ ਅਤੇ ਵਾਤਾਵਰਣ ਦੇ ਵਿਕਾਸ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ )
ਧਵਨ ਕਲੋਨੀ ,ਫਿਰੋਜ਼ਪੁਰ ਸ਼ਹਿਰ
9815427554