ਐਸ ਬੀ ਐਸ ਕੈਂਪਸ ਵਿੱਚ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਇੰਟਰ-ਕਾਲਜ ਲਾਅਨ-ਟੈਨਿਸ ਟੂਰਨਾਮੈਂਟ ਦਾ ਆਯੋਜਨ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਇੰਟਰ-ਕਾਲਜ ਲਾਅਨ-ਟੈਨਿਸ ਦੇ ਦੋ-ਰੋਜ਼ਾ ਮੁਕਾਬਲੇ ਕਰਵਾਏ ਗਏ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ।ਉਹਨਾਂ ਆਪਣੇ ਸੰਬੋਧਨ ਦੌਰਾਨ ਸਾਰੀਆਂ ਟੀਮਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਖੇਡ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।ਵਿਸ਼ੇਸ਼ ਮਹਿਮਾਨ ਵਜੋਂ ਕਮਾਂਡਿੰਗ ਅਫਸਰ ਬੀਐਸਐਫ ਫਿਰੋਜ਼ਪੁਰ ਸ੍ਰੀ ਦੇਸ ਰਾਜ ਸ਼ਾਮਿਲ ਹੋਏ।ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਡਾ. ਵੀ ਐਸ ਭੁੱਲਰ ਅਤੇ ਕੈਂਪਸ ਪੀਆਰੳ ਬਲਵਿੰਦਰ ਸਿੰਘ ਮੋਹੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਵੱਖ ਵੱਖ ਇੰਜੀਨੀਅਰਿੰਗ ਕਾਲਜਾਂ ਤੋਂ ਲੜਕਿਆਂ ਦੀਆਂ ਕੁਲ 8 ਟੀਮਾਂ ਅਤੇ ਲੜਕੀਆਂ ਦੀਆਂ 5 ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਵਿੱਚ ਲੜਕਿਆਂ ਦੇ ਮੁਕਾਬਲਿਆਂ ਦੌਰਾਨ ਸੀਜੀਸੀ ਝੰਜੇੜੀ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਗੋਲਡ ਮੈਡਲ ਹਾਸਲ ਕੀਤਾ।ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀ ਟੀਮ ਦੂਸਰੇ ਸਥਾਨ ਤੇ ਰਹੀ ਅਤੇ ਤੀਸਰਾ ਸਥਾਨ ਡੀਏਵੀਆਈਈਟੀ ਜਲੰਧਰ ਦੀ ਟੀਮ ਨੇ ਹਾਸਲ ਕੀਤਾ।ਲੜਕੀਆਂ ਵਿੱਚ ਮਿਮਿਟ ਮਲੋਟ ਦੀ ਟੀਮ ਨੇ ਪਹਿਲਾ ਸਥਾਨ ,ਦੂਸਰੇ ਸਥਾਨ ਤੇ ਡੀਏਵੀਆਈਈਟੀ ਜਲੰਧਰ ਅਤੇ ਤੀਸਰਾ ਸਥਾਨ ਜੀਐਨਡੀਈਸੀ ਲੁਧਿਆਣਾ ਦੀਆਂ ਲੜਕੀਆਂ ਨੇ ਹਾਸਲ ਕੀਤਾ।
ਦੂਸਰੇ ਦਿਨ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਡਾ. ਏ ਕੇ ਤਿਆਗੀ ਨੇ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਤਕਸੀਮ ਕੀਤੀਆਂ ।ਉਹਨਾਂ ਆਪਣੇ ਸੰਬੋਧਨ ਦੌਰਾਨ ਜੇਤੂ ਟੀਮਾਂ ਅਤੇ ਉਹਨਾਂ ਦੇ ਕੋਚ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ। ਡਾ. ਤਿਆਗੀ ਨੇ ਡਾ. ਵੀ ਐਸ ਭੁੱਲਰ, ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਸ੍ਰੀ ਤੇਜਪਾਲ, ਐਸਬੀਐਸ ਕੈਂਪਸ ਦੀ ਲਾਅਨ-ਟੈਨਿਸ ਟੀਮ ਦੇ ਇੰਚਾਰਜ ਡਾ. ਮਨੋਜ ਖੁਸ਼ਵਾਹਾ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕਰਦਿਆਂ ਇਸ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਮਨਜਿੰਦਰ ਸਿੰਘ, ਡਾ. ਏ ਕੇ ਅਸਾਟੀ, ਡਾ. ਤੇਜੀਤ ਸਿੰਘ, ਪ੍ਰੋ. ਵਿਵੇਕ ਸੂਦ, ਜੇ ਐਸ ਮਾਂਗਟ, ਯਸ਼ਪਾਲ, ਮਨਜੀਤ ਸਿੰਘ ਬਾਜਵਾ, ਨਰਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ,ਵਿਜੇ ਸ਼ਰਮਾ, ਮੁਕੇਸ਼ ਸਚਦੇਵਾ,ਰਾਜਿੰਦਰ ਕੁਮਾਰ,ਹਰਪਿੰਦਰਪਾਲ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਰ ਸਨ।