ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰੱਖਿਆ ਸ਼ਹੀਦ ਭਗਤ ਸਿੰਘ ਚਿਲਡਰਨ ਫਰੈਂਡਲੀ ਪਾਰਕ ਦਾ ਨੀਂਹ ਪੱਥਰ
ਫਿਰੋਜ਼ਪੁਰ 1 ਜਨਵਰੀ 2018
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੁਰਾਣੇ ਟੀ.ਬੀ ਹਸਪਤਾਲ ਪਿੱਛੇ ਬਣਨ ਵਾਲੇ ਸ਼ਹੀਦ ਭਗਤ ਸਿੰਘ ਚਿਲਡਰਨ ਫਰੈਂਡਲੀ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਗੁਰਮੀਤ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ (ਜ.) ਸ੍ਰ. ਰਣਜੀਤ ਅਤੇ ਬਾਬਾ ਸਰਵਨ ਦਾਸ ਵੀ ਮੌਜੂਦ ਸਨ। ਇਸ ਤੋਂ ਪਹਿਲਾ ਨੀਂਹ ਪੱਥਰ ਦੇ ਸਥਾਨ ਤੇ ਨਵੇਂ ਸਾਲ ਦੀ ਆਮਦ ਤੇ ਪਾਠ ਰੱਖਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਇਸ ਉਪਰੰਤ ਵਿਧਾਇਕ ਪਿੰਕੀ ਨੇ ਕੇਕ ਕੱਟ ਕੇ ਸ਼ਹਿਰ ਵਾਸੀਆਂ ਨਾਲ ਆਪਣਾ ਜਨਮ ਦਿਨ ਵੀ ਮਨਾਇਆ। ਨੀਂਹ ਪੱਥਰ ਰੱਖਣ ਉਪਰੰਤ ਹਲਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕਰੀਬ 1 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਸਾਢੇ ਪੰਜ ਏਕੜ ਜ਼ਮੀਨ ਵਿਚ ਬਣਨ ਵਾਲੇ ਇਸ ਪਾਰਕ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਾਰਕ ਵਿਚ ਸ਼ਹਿਰ ਵਾਸੀਆਂ ਦੇ ਸੈਰ ਕਰਨ ਲਈ ਟਰੈਕ ਤੋਂ ਇਲਾਵਾ ਫੁੱਲਦਾਰ ਬੂਟੇ ਵੀ ਲਗਾਏ ਜਾਣਗੇ ਅਤੇ ਨੌਜਵਾਨਾਂ ਲਈ ਆਧੁਨਿਕ ਤਕਨੀਕ ਦਾ ਜਿੰਮ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਕ ਵਿਚ ਇੱਕ ਵੱਡੀ ਐਲ.ਈ.ਡੀ ਸਕਰੀਨ ਵੀ ਲਗਵਾਈ ਜਾਵੇਗੀ, ਜਿਸ ਵਿਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ, ਮਾਤਾ ਵੈਸ਼ਨੋ ਦੇਵੀ ਤੋਂ ਆਰਤੀ/ਪੂਜਾ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਫਿਰੋਜ਼ਪੁਰ ਸ਼ਹਿਰ ਵਿਖੇ ਟਰੋਮਾ ਸੈਂਟਰ ਵੀ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ 12 ਹਜ਼ਾਰ ਤੋਂ ਵੱਧ ਐੱਲ.ਈ.ਡੀ. ਲਾਈਟਸ ਵੀ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਇੱਕ ਐਂਬੂਲੈਂਸ ਸੁਵਿਧਾ ਦੀ ਸਹੂਲਤ ਵੀ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਐਕਸੀਅਨ ਨਗਰ ਕੌਂਸਲ ਕੁਲਵਿੰਦਰ ਸਿੰਘ, ਐਸ.ਡੀ.ਓ. ਨਗਰ ਕੌਂਸਲ ਐੱਸ.ਐੱਸ. ਬਹਿਲ, ਹਰਿੰਦਰ ਸਿੰਘ ਖੋਸਾ, ਬਲਵੀਰ ਬਾਠ, ਰਿੰਕੂ ਗਰੋਵਰ, ਗੋਰਾ ਵਿਰਕ, ਬਿੱਟੂ ਸਾਂਘਾ, ਬੱਬੂ ਪ੍ਰਧਾਨ, ਅਜੇ ਜੋਸ਼ੀ ਅਤੇ ਸੰਜੇ ਗੁਪਤਾ ਸਮੇਤ ਹੋਰ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਵੀ ਹਾਜ਼ਰ ਸਨ।