ਕਾਲਜ ਅਧਿਆਪਕਾਂ ਵੱਲੋਂ ਮੰਗਾਂ ਲਈ ਕੈਂਡਲ ਮਾਰਚ
ਫਿਰੋਜ਼ਪੁਰ 04 ਦਸੰਬਰ, 2018: ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜ ਅਧਿਆਪਕਾਂ ਦੀ ਜਥੇਬੰਦੀ ਪੀ.ਸੀ.ਸੀ.ਟੀ. ਯੂ. ਦੀ ਕੇਂਦਰੀ ਕਮੇਟੀ ਦੀ ਵਿਉਂਤਬੰਦੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਲਜ ਅਧਿਆਪਕਾਂ ਨੇ ਰੋਸ ਮਾਰਚਾਂ ਦੀ ਲੜੀ ਵਿੱਚ ਕੱਲ੍ਹ ਸ਼ਾਮ ਫਿਰੋਜ਼ਪੁਰ ਛਾਉਣੀ ਵਿੱਚ ਆਪਣੀਆਂ ਲਟਕਦੀਆਂ ਮੰਗਾਂ ਲਈ ਕੈਂਡਲ ਮਾਰਚ ਕੀਤਾ। ਜ਼ਿਲ੍ਹਾ ਫਿਰੋਜ਼ਪੁਰ ਦੇ ਕਾਲਜ ਅਧਿਆਪਕਾਂ ਦੇ ਕੈਂਡਲ ਮਾਰਚ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪ੍ਰੋ. ਰ.ਸ. ਰੰਧਾਵਾ ਨੇ ਕੀਤੀ। ਇਹ ਰੋਸ ਮਾਰਚ ਫਿਰੋਜ਼ਪੁਰ ਛਾਉਣੀ ਤੋਂ ਹੁੰਦਾ ਹੋਇਆ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਦੀ ਰਿਹਾਇਸ਼ ਤੇ ਖ਼ਤਮ ਹੋਇਆ। ਜਿੱਥੇ ਸ੍ਰੀ. ਹਰਿੰਦਰ ਸਿੰਘ ਖੋਸਾ ਨੇ ਕਾਲਜ ਅਧਿਆਪਕ ਤੋਂ ਮੰਗ ਪੱਤਰ ਪ੍ਰਾਪਤ ਕੀਤਾ।
ਮੰਗਾਂ ਦੇ ਸਬੰਧ ਵਿੱਚ ਵਿਸਥਾਰ ਦਿੰਦਿਆਂ ਪ੍ਰੋਫੈਸਰ ਗੁਰਤੇਜ ਸਿੰਘ ਨੇ ਦੱਸਿਆ ਕਿ 25 ਪ੍ਰਤੀਸ਼ਤ ਦੀ ਗਰਾਂਟ ਦੀ ਅਦਾਇਗੀ ਨਿਯਮਿਤ ਕਰਨ ਕਰਨ, ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ, ਪੈਨਸ਼ਨ ਤੇ ਗਰੈਚੁਇਟੀ ਸਕੀਮ ਲਾਗੂ ਕਰਨ, ਠੇਕੇ ਤੇ ਭਰਤੀਆਂ ਦੀ ਥਾਂ ਨਿਯਮਿਤ ਨਿਯੁਕਤੀਆਂ, ਰਿਫਰੈਸ਼ਰ ਕੋਰਸਾਂ ਦੀ ਸਮਾਂ ਸੀਮਾ ਵਿਚ ਢਿੱਲ ਵਰਗੇ ਅਹਿਮ ਮੁੱਦਿਆਂ ਤੇ ਪੰਜਾਬ ਸਰਕਾਰ ਲਗਾਤਾਰ ਟਾਲ ਮਟੋਲ ਕਰ ਰਹੀ ਹੈ। ਪੀ.ਸੀ.ਸੀ.ਟੀ.ਯੂ. ਨੇ ਜ਼ਿਲ੍ਹਾਵਾਰ ਅਜਿਹੇ ਰੋਸ ਕੈਂਡਲ ਮਾਰਚ ਆਯੋਜਿਤ ਕੀਤੇ ਹਨ। ਇਸ ਰੋਸ ਮਾਰਚ ਵਿਚ ਆਰ.ਐਸ..ਡੀ. ਕਾਲਜ, ਗੁਰੂ ਨਾਨਕ ਕਾਲਜ, ਡੀ.ਏ.ਵੀ. ਕਾਲਜ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੇ ਅਧਿਆਪਕਾਂ ਨੇ ਹਿੱਸਾ ਲਿਆ।
ਇਨ੍ਹਾਂ ਵਿਚੋਂ ਪ੍ਰੋ. ਅਸ਼ੋਕ ਗੁਪਤਾ, ਪ੍ਰੋ. ਰਾਜੇਸ਼ ਅਗਰਵਾਲ, ਪ੍ਰੋ. ਸੰਜਨਾ ਅਗਰਵਾਲ, ਪ੍ਰੋ. ਅਨਿਲ ਧੀਮਾਨ, ਪ੍ਰੋ. ਗੁਰਿੰਦਰ ਸਿੰਘ, ਪ੍ਰੋ. ਨੀਰਜ, ਪ੍ਰੋ. ਅਰਾਧਨਾ, ਪ੍ਰੋ. ਬਲਵੀਨ, ਪ੍ਰੋ. ਮੀਨਾਕਸ਼ੀ, ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਬਲਿੰਦਰ ਸਿੰਘ, ਪ੍ਰੋ. ਰਜਨੀ ਖੁੰਗਰ, ਪ੍ਰੋ. ਆਸ਼ਾ ਪਾਸੀ, ਪ੍ਰੋ. ਅਨੀਤਾ ਧਵਨ, ਪ੍ਰੋ. ਸੁਰੇਸ਼ ਚੌਹਲ ਦੇ ਨਾਮ ਪ੍ਰਮੁੱਖ ਹਨ।