Ferozepur News
-'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਣ ਵਿਭਾਗ ਨੇ ਹੁਣ ਤੱਕ 1 ਲੱਖ 30 ਹਜ਼ਾਰ ਦੇ ਕਰੀਬ ਵੰਡੇ ਬੂਟੇ -ਬਰਸਾਤ ਦੇ ਮੌਸਮ ਦੌਰਾਨ ਵੱਧ ਤੋਂ ਵੱਧ ਲਗਾਏ ਜਾ ਸਕਦੇ ਹਨ ਬੂਟੇ -'ਆਈ ਹਰਿਆਲੀ' ਐਪ ਰਾਹੀਂ ਵੀ ਵੱਧ ਤੋਂ ਵੱਧ ਬੂਟੇ ਲੈਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ : ਡਿਪਟੀ ਕਮਿਸ਼ਨਰ -ਕਿਹਾ, ਵਣ ਵਿਭਾਗ ਵਲੋਂ ਵੰਡੇ ਜਾਣਗੇ ਕਰੀਬ 2 ਲੱਖ ਤੋਂ ਵੱਧ ਬੂਟੇ ਪੌਦੇ
ਫ਼ਿਰੋਜ਼ਪੁਰ 22, ਜੁਲਾਈ : Manish Bawa
ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜੰਗਲਾਤ ਵਿਭਾਗ ਨੇ ਹੁਣ ਤੱਕ 1 ਲੱਖ 30 ਹਜ਼ਾਰ ਦੇ ਕਰੀਬ ਬੂਟੇ ਵੰਡੇ ਹਨ। ਬਰਸਾਤ ਦਾ ਸੀਜ਼ਨ ਸ਼ੁਰੂ ਹੋ ਚੁਕਿਆ ਹੈ ਅਤੇ ਇਸ ਸੀਜ਼ਨ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਇਕ ਨਿਵੇਕਲੀ ਪਹਿਲ ਕਰਦਿਆਂ 'ਆਈ ਹਰਿਆਲੀ' (‘i-Hariyali’) ਐਪ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਕਿਸੇ ਵੀ ਵਿਅਕਤੀ ਵਲੋਂ ਬੂਟੇ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਘਰ ਬੈਠਿਆਂ ਹੀ ਸੂਬੇ ਦਾ ਕੋਈ ਵੀ ਨਾਗਰਿਕ ਇੱਕ ਬਟਨ ਦੇ ਕਲਿੱਕ ਰਾਹੀਂ ਆਸਾਨੀ ਨਾਲ ਬੂਟੇ ਬੁੱਕ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਕਰੀਬ 2 ਲੱਖ ਤੋਂ ਵੱਧ ਬੂਟੇ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ 'ਆਈ ਹਰਿਆਲੀ' ਐਪ ਤੋਂ ਇਲਾਵਾ ਵੀ ਜ਼ਿਲ੍ਹਾ ਵਾਸੀ ਆਪਣੀ ਨੇੜਲੀ ਸਰਕਾਰੀ ਨਰਸਰੀ ਤੋਂ ਬੂਟੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਇਸ ਪੌਦੇ ਦੀ ਸੰਭਾਲ ਕਰਨੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕਿਹਾ ਕਿ ਉਹ ਬਰਸਾਤ ਦੇ ਸੀਜ਼ਨ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਬੂਟੇ ਲਗਾਉਣ ਅਤੇ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਵਿੱਚ ਸਹਿਯੋਗ ਕਰਨ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਇਹ ਬੂਟੇ ਮੁਫ਼ਤ ਪ੍ਰਾਪਤ ਕਰਨ ਲਈ ਜਿਲ੍ਹੇ ਦੇ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਣ ਵਿਭਾਗ ਫ਼ਰੋਜ਼ਪੁਰ ਵੱਲੋ ਘਰ ਘਰ ਹਰਿਆਲੀ ਤਹਿਤ ਜੀਰਾ ਅਤੇ ਫ਼ਿਰੋਜ਼ਪੁਰ ਰੇਂਜਾਂ ਦੀਆਂ ਵੱਖ-ਵੱਖ ਨਰਸਰੀਆਂ ਵਿੱਚ ਪੌਦੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੂਟੇ ਪ੍ਰਾਪਤ ਕਰਨ ਲਈ ਜਿਥੇ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ, ਉਥੇ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 2 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ 'ਆਈ ਹਰਿਆਲੀ' ਐਪ ਰਾਹੀਂ ਬੂਟੇ ਵੰਡੇ ਜਾ ਰਹੇ ਹਨ, ਉਥੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮੁਫ਼ਤ ਵਿੱਚ ਬੂਟੇ ਪ੍ਰਾਪਤ ਕਰਨ ਲਈ ਮਤੇ ਪਾ ਕੇ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।