Ferozepur News
ਸੂਬੇ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ 5 ਜੂਨ ਨੂੰ ਕੀਤੀ ਜਾਵੇਗੀ ਮਿਸ਼ਨ 'ਤੰਦਰੁਸਤ ਪੰਜਾਬ' ਦੀ ਸ਼ੁਰੂਆਤ- ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ 2 ਜੂਨ 2018- Pankaj Madan
ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਲਈ ਮਿਸ਼ਨ 'ਤੰਦਰੁਸਤ ਪੰਜਾਬ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦਾ ਆਗਾਜ਼ 5 ਜੂਨ ਨੂੰ ਜ਼ਿਲ੍ਹਾ ਪੱਧਰ ' ਤੇ ਸਮਾਗਮ ਕਰਕੇ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਿਸ਼ਨ ' ਤੰਦਰੁਸਤ ਪੰਜਾਬ ' ਸਬੰਧੀ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਵਿਆਪਕ ਯੋਜਨਾ ਬਣਾਈ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਿਸ਼ਨ ਵਿਚ ਸਿਹਤ ਨੂੰ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ । ਇਸ ਲਈ ਸਿਹਤ ਵਿਭਾਗ ਵੱਲੋਂ ਖ਼ੁਰਾਕ ਸੁਰੱਖਿਆ ਐਕਟ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਇਸ ਐਕਟ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੁੱਧ ਅਤੇ ਦੁੱਧ ਉਤਪਾਦ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਦੁਕਾਨਾਂ ਅਤੇ ਰੇਹੜੀਆਂ 'ਤੇ ਵਿਕਦੇ ਫਲਾਂ ਦੀ ਚੈਕਿੰਗ ਕਰਕੇ ਮਸਾਲੇ ਨਾਲ ਪੱਕੇ ਹੋਏ ਫਲ ਅਤੇ ਗਲੇ ਸੜੇ ਫਲਾਂ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜਾਅਲੀ ਅਤੇ ਗੈਰ ਅਧਿਕਾਰਿਤ ਦਵਾਈਆਂ ਦੀ ਵਿੱਕਰੀ ਨੂੰ ਰੋਕਣ ਦੇ ਨਾਲ-ਨਾਲ ਗੈਰ ਲਾਇਸੰਸਧਾਰੀ ਕੈਮਿਸਟਾਂ ਵੱਲੋਂ ਦਵਾਈਆਂ ਦੀ ਵਿੱਕਰੀ ਵੀ ਰੋਕੀ ਜਾਵੇ ਤੇ ਲਾਗ ਅਤੇ ਬਿਨਾ ਲਾਗ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਮੁਫ਼ਤ ਸਿਹਤ ਸਕਰੀਨਿੰਗ ਕੀਤੀ ਜਾਵੇ ਅਤੇ ਸਕੂਲ ਸਿਹਤ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਸ਼੍ਰੀ ਰਾਮਵੀਰ ਨੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਘਰਾਂ ਵਿਚ ਪੀਣ ਲਈ ਵਰਤੇ ਜਾਂਦੇ ਪਾਣੀ ਦੇ ਸੈਂਪਲ ਭਰ ਕੇ ਉਨ੍ਹਾਂ ਦੀ ਚੈਕਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਵਾ ਵਿਚਲੇ ਪ੍ਰਦੂਸ਼ਣ ਦੀ ਜਾਂਚ ਕੀਤੀ ਜਾਵੇ ਤਾਂ ਜੋ ਪ੍ਰਦੂਸ਼ਣ ਦੀ ਮਾਤਰਾ ਦਾ ਪਤਾ ਲੱਗਾ ਕੇ ਉਸ ਨੂੰ ਘੱਟ ਕਰਨ ਦੇ ਉਪਰਾਲੇ ਕੀਤੇ ਜਾ ਸਕਣ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਜੇਕਰ ਕਿਸੇ ਵੀ ਉਦਯੋਗ ਵੱਲੋਂ ਹਵਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੈਪੀ ਸੀਡਰ, ਬੇਲਰ ਤੇ ਹੋਰ ਦੂਸਰੀ ਮਸ਼ੀਨਰੀ ਨਾਲ ਫ਼ਸਲ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿਚ ਹੀ ਵਾਹੁਣ ਨੂੰ ਤਰਜੀਹ ਦੇਣ ਲਈ ਪ੍ਰੇਰਤ ਕੀਤਾ ਜਾਵੇ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਘਰ-ਘਰ ਹਰਿਆਲੀ ਪ੍ਰੋਗਰਾਮ ਅਧੀਨ ਹਰ ਘਰ ਵਿਚ ਫਲਦਾਰ ਜਾਂ ਦਵਾਈਆਂ ਲਈ ਵਰਤੇ ਜਾਣ ਵਾਲੇ ਪੌਦੇ ਲਗਾਉਣ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਪੈਂਦੀਆਂ ਬਰਮਾ ਅਤੇ ਸੜਕਾਂ ਦੇ ਆਲ਼ੇ ਦੁਆਲੇ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਦਿਹਾਤੀ ਇਲਾਕਿਆਂ ਵਿਚ ਪੀਣ ਵਾਲੇ ਸਾਫ਼ ਸੁਥਰੇ ਪਾਣੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਜਾਵੇ। ਇਸ ਤੋਂ ਇਲਾਵਾ ਇਸ ਸਬੰਧ ਵਿਚ ਸਮੇਂ ਸਮੇਂ ਪਾਣੀ ਦੇ ਮਿਆਰ ਦੀ ਪਰਖ ਕੀਤੀ ਜਾਵੇ ਅਤੇ ਨਿਰਧਾਰਿਤ ਸੀਮਾ ਵਿਚ ਫਿਜ਼ੀਕਲ, ਬਾਓਲੋਜੀਕਲ ਅਤੇ ਰਸਾਇਣ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾਵੇ। ਖੁੱਲ੍ਹੇ ਵਿਚ ਜੰਗਲ ਪਾਣੀ ਜਾਣ ਨੂੰ ਖ਼ਤਮ ਕਰਨ ਨੂੰ ਵੀ ਜਲ ਸਪਲਾਈ ਦੇ ਅਧਿਕਾਰੀਆਂ ਨੂੰ ਂ ਯਕੀਨੀ ਬਣਾਉਣ ਲਈ ਕਿਹਾ।
ਇਸ ਤੋਂ ਇਲਾਵਾ ਉਨ੍ਹਾਂ ਹੋਰ ਵਿਭਾਗਾਂ ਸਥਾਨਕ ਸਰਕਾਰ, , ਸਹਿਕਾਰਤਾ, ਖੇਡਾਂ, ਜਨ ਸਿਹਤ, ਜਲ ਸਰੋਤ ਅਤੇ ਦੇਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗ ਨਾਲ ਸਬੰਧਿਤ ਕੰਮ ਅਤੇ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ, ਸ੍ਰ: ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.), ਸ੍ਰ: ਰਵਿੰਦਰਪਾਲ ਸਿੰਘ ਸੰਧੂ ਏ.ਡੀ.ਸੀ (ਵਿਕਾਸ), ਸ੍ਰ: ਜਸਵੰਤ ਸਿੰਘ ਢਿੱਲੋਂ ਆਰ.ਟੀ.ਏ, ਸ੍ਰ: ਹਰਜਿੰਦਰ ਸਿੰਘ ਡੀ.ਡੀ.ਪੀ.ਓ, ਸ੍ਰ: ਪਿਆਰ ਸਿੰਘ ਬੀ.ਡੀ.ਪੀ.ਓ, ਸੁਨੀਲ ਸ਼ਰਮਾ ਜ਼ਿਲ੍ਹਾ ਖੇਡ ਅਫ਼ਸਰ, ਮੁੱਖ ਖੇਤੀਬਾੜੀ ਅਫ਼ਸਰ ਸ੍ਰ: ਬਲਜਿੰਦਰ ਸਿੰਘ ਬਰਾੜ, ਡਾ: ਮੁਖ਼ਤਿਆਰ ਸਿੰਘ ਖੇਤੀਬਾੜੀ ਅਫ਼ਸਰ, ਸ੍ਰ: ਸੁਖਪਾਲ ਸਿੰਘ ਸੈਨੇਟਰੀ ਇੰਸਪੈਕਟਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।