ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀਐਸਪੀ ਦਫ਼ਤਰ ਅੱਗੇ ਧਰਨਾ
ਮਜ਼ਦੂਰਾ ਦੀ ਮਜ਼ਦੂਰੀ ਨਾ ਦਵਾਈ ਗਈ ਤਾਂ ਉਹ ਮਜ਼ਬੂਰਨ ਸੰਘਰਸ਼ ਨੂੰ ਸੂਬਾ ਪੱਧਰੀ ਲੈ ਕੇ ਜਾਣਗੇ : ਮਜ਼ਦੂਰ ਆਗੂ
, ਜ਼ੀਰਾ (ਫ਼ਿਰੋਜ਼ਪੁਰ) : – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਇਕਾਈ ਜ਼ੀਰਾ ਵਲੋਂ ਸੂਬਾ ਕਮੇਟੀ ਮੈਂਬਰ ਦਿਲਬਾਗ ਸਿੰਘ ਬਾਗਾ ਅਤੇ ਸੁਖਪਾਲ ਸਿੰਘ ਖਿਆਲੀ ਦੀ ਰਹਿਨੁਮਾਈ ਹੇਠ ਮਜ਼ਦੂਰਾਂ ਦੀ ਮਜ਼ਦੂਰੀ ਨਾ ਦੇਣ ਦੇ ਰੋਸ ਵਜੋ ਡੀ.ਐਸ.ਪੀ ਦਫਤਰ ਜ਼ੀਰਾ ਅੱਗੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ ਅਤੇ ਕਈ ਘੰਟੇ ਸੜਕ ਤੇ ਬੈਠ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਮਜ਼ਦੂਰ ਆਗੂ ਦਿਲਬਾਗ ਸਿੰਘ, ਸੁਖਪਾਲ ਸਿੰਘ ਖਿਆਲੀ, ਕਿਸਾਨ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਅਮੀਰ ਸ਼ਾਹ ਦੇ ਇੱਕ ਸਿਆਸੀ ਆਗੂ ਵਲੋਂ ਫਤਹਿਗੜ੍ਹ ਪੰਜਤੂਰ ਵਿਖੇ ਬਿਲਡਿੰਗ ਤਿਆਰ ਠੇਕੇ ਰਾਹੀ ਮਜ਼ਦੂਰਾ ਪਾਸੋ ਕਰਵਾਈ ਸੀ, ਪਰ ਬਿਲਡਿੰਗ ਤਿਆਰ ਹੋਣ ਬਾਅਦ ਬਣਦੇ 3 ਲੱਖ 50 ਹਜ਼ਾਰ ਰੁਪਏ ਦੇ ਕਰੀਬ ਮਜ਼ਦੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨਾ ਕਿਹਾ ਕਿ ਮਜ਼ਦੂਰਾਂ ਦੀ ਮਜ਼ਦੂਰੀ ਦਾ ਮਾਮਲਾ ਕਾਂਗਰਸ ਦੇ ਹਲਕਾ ਵਿਧਾਇਕ ਅੱਗੇ ਵੀ ਰੱਖਿਆ ਗਿਆ ਅਤੇ ਪੁਲਸ ਪ੍ਰਸ਼ਾਸ਼ਨ ਨੂੰ ਵੀ ਇਨਸਾਫ਼ ਦੀ ਗੁਹਾਰ ਲਗਾਈ ਗਈ, ਪੰ੍ਰਤੂ ਉਨ੍ਹਾਂ ਨਾਲ ਇਨਸਾਫ਼ ਨਹੀ ਕੀਤਾ ਗਿਆ। ਉਨਾਂ ਕਿਹਾ ਕਿ ਰੋਸ ਵਜੋ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਹੱਕ ਲੈਣ ਲਈ ਪੋਸਟਰ ਜਾਰੀ ਕਰਕੇ ਕੰਧਾਂ ਉਪਰ ਲਗਾਏ ਗਏ, ਪਰ ਉਸ ਦਾ ਵਿਰੋਧ ਕਰਦਿਆ ਜਾਨਲੇਵਾ ਹਮਲਾ ਮਜ਼ਦੂਰਾ ਉਪਰ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਜਖ਼ਮੀ ਹੋਏ। ਉਨਾਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸ਼ਨ ਵਲੋਂ ਮਾਮਲੇ ਦੇ ਦੋਸ਼ੀਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਕੀਤੀ ਗਈ ਅਤੇ ਮਜ਼ਦੂਰਾ ਦੀ ਮਜ਼ਦੂਰੀ ਨਾ ਦਵਾਈ ਗਈ ਤਾਂ ਉਹ ਮਜ਼ਬੂਰਨ ਸੰਘਰਸ਼ ਨੂੰ ਸੂਬਾ ਪੱਧਰੀ ਲੈ ਕੇ ਜਾਣਗੇ। ਇਸ ਮੌਕੇ ਧਰਨੇ 'ਚ ਕਿਸਾਨ ਆਗੂ ਅਵਤਾਰ ਸਿੰਘ, ਸੁਖਬੀਰ ਬੱਲ, ਮਜ਼ਦੂਰ ਆਗੂ ਜੱਗਾ ਸਿੰਘ, ਲਾਡੀ ਜ਼ੀਰਾ, ਗੁਰਦੇਵ ਸਿੰਘ ਮਰਖਾਈ, ਰੇਸ਼ਮ ਸਿੰਘ ਰਟੌਲ, ਬਗੀਚਾ ਸਿੰਘ, ਹਰਜੀਤ ਸਿੰਘ ਸਨ੍ਹੇਰ ਆਦਿ ਤੋਂ ਇਲਾਵਾ ਕਿਸਾਨਾਂ ਨੇ ਮਜ਼ਦੂਰ ਨੇ ਹਿੱਸਾ ਲਿਆ।