ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਸਿਵਲ ਹਸਪਤਾਲ ਵਿਖੇ ਬਲੱਡ ਬੈਂਕ ਵਿੱਚ ਲਗਾਇਆ ਗਿਆ ਖ਼ੂਨਦਾਨ ਕੈਂਪ
ਫ਼ਿਰੋਜ਼ਪੁਰ 27 ਜੁਲਾਈ 2017 ( ) ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਫ਼ਿਰੋਜਪੁਰ ਵੱਲੋਂ ਸਿਵਲ ਹਸਪਤਾਲ ਵਿਖੇ ਬਲੱਡ ਬੈਂਕ ਵਿੱਚ ਇੱਕ ਖ਼ੂਨਦਾਨ ਕੈਂਪ ਲਗਾਇਆ ਗਿਆ ।ਇਸ ਕੈਂਪ ਵਿੱਚ ਫਸਟਏਡ ਦੀ ਟਰੇਨਿੰਗ ਪ੍ਰਾਪਤ ਕਰ ਰਹੇ ਸਿੱਖਿਆਰਥੀਆਂ ਨੂੰ ਖ਼ੂਨਦਾਨ ਪ੍ਰਤੀ ਪ੍ਰੇਰਿਤ ਕੀਤਾ ਗਿਆ, ਜਿਸ ਸਦਕਾ ਕੈਂਪ ਵਿੱਚ 24 ਨੌਜਵਾਨਾਂ ਵੱਲੋਂ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸ੍ਰੀ ਰਣਜੀਤ ਸਿੰਘ ਪੀ.ਸੀ.ਐਸ ਸਹਾਇਕ ਕਮਿਸ਼ਨਰ(ਜਨ.) ਫ਼ਿਰੋਜ਼ਪੁਰ ਵੱਲੋਂ ਕੀਤਾ ਗਿਆ ।
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਕਿਸੇ ਹਾਦਸੇ ਜਾਂ ਕੁਦਰਤੀ ਆਫ਼ਤ ਸਮੇਂ ਲੋੜ ਅਨੁਸਾਰ ਖ਼ੂਨ ਨਾ ਹੋਣ ਕਾਰਨ ਕਈ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਖ਼ੂਨਦਾਨ ਇੱਕ ਅਜਿਹਾ ਉੱਤਮ ਦਾਨ ਹੈ ਜਿਸ ਨਾਲ ਲੋੜ ਸਮੇਂ ਕਈ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਲਈ ਹਰੇਕ ਸਿਹਤਮੰਦ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਖ਼ੂਨਦਾਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵੇ ਤਾਂ ਜੋ ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਲੋੜਵੰਦਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਦੇ ਵੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਦਾਨ ਦਿੱਤਾ ਗਿਆ ਖ਼ੂਨ ਕੁੱਝ ਹੀ ਸਮੇਂ ਬਾਅਦ ਦੁਬਾਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਵੱਲੋਂ ਦਾਨ ਕੀਤੇ ਖ਼ੂਨ ਨਾਲ 3 ਵਿਅਕਤੀਆਂ ਦੀ ਜ਼ਿੰਦਗੀ ਬਚਦੀ ਹੈ ਸੋ ਹਰੇਕ ਤੰਦਰੁਸਤ ਵਿਅਕਤੀ ਨੂੰ ਸਵੈ-ਇੱਛਾ ਨਾਲ ਖ਼ੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਤੇ ਸ੍ਰੀ ਅਸ਼ੋਕ ਬਹਿਲ ਸਕੱਤਰ, ਰੈੱਡ ਕਰਾਸ , ਡਾ: ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫ਼ਸਰ, ਅਤੇ ਇੰਚਾਰਜ ਬਲੱਡ ਬੈਂਕ, ਸਿਵਲ ਹਸਪਤਾਲ, ਫ਼ਿਰੋਜ਼ਪੁਰ ਸਿਵਲ ਹਸਪਤਾਲ, ਫ਼ਿਰੋਜ਼ਪੁਰ,ਡਾ: ਰਮੇਸ਼ਵਰ ਸਿੰਘ ਲੈਕਚਰਾਰ ਫਸਟਏਡ ਤੋ ਇਲਾਵਾ ਸ੍ਰੀ ਸੁਨੀਲ ਸ਼ਰਮਾ ਜ਼ਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਵੀ ਹਾਜ਼ਰ ਸਨ।