ਐਸ.ਬੀ.ਐਸ. ਕੈਂਪਸ ਵਿੱਚ ਵਣ-ਮਹਾਉਤਸਵ ਮਨਾਇਆ
ਫਿਰੋਜ਼ਪੁਰ:- ਪੰਜਾਬ ਸਰਕਾਰ ਦੁਆਰਾ ਸਥਾਪਿਤ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਸੰਸਥਾ ਵਿੱਚ ਫ਼ਲਦਾਰ ਅਤੇ ਛਾਂ-ਦਾਰ ਬੂਟੇ ਲਾਉਣ ਦੀ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ।ਇਸ ਵਣ-ਮਹਾਉਤਸਵ ਦਾ ਉਦਘਾਟਨ ਕੈਂਪਸ ਡਾਇਰੈਕਟਰ ਡਾ. ਟੀ. ਐਸ. ਸਿੱਧੂ ਨੇ ਆਪਣੇ ਹੱਥੀਂ ਬੂਟਾ ਲਗਾਕੇ ਕੀਤਾ।ਕੈਂਪਸ ਪੀਆਰਓ ਬਲਵਿੰਦਰ ਸਿੰਘ ਮੋਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸਟੇਟ ਅਫਸਰ ਡਾ. ਆਰ ਪੀ ਸਿੰਘ ਦੀ ਅਗਵਾਈ ਅਤੇ ਸਹਾਇਕ ਅਸਟੇਟ ਅਫਸਰ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਸੰਸਥਾ ਦੇ ਬਾਗਬਾਨੀ ਵਿਭਾਗ ਦੇ ਮੁਖੀ ਨਰਿੰਦਰ ਸਿੰਘ ਬਾਜਵਾ ਅਤੇ ਇੰਚਾਰਜ ਬਾਗਬਾਨੀ ਜਸਵੀਰ ਸਿੰਘ ਦੇ ਯਤਨਾਂ ਸਦਕਾ ਇਸ ਮੌਕੇ ੫੦੦ ਫਲਦਾਰ ਛਾਂ-ਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ ਜੋ ਕਿ ਜ਼੍ਹਿਲਾ ਵਣ ਵਿਭਾਗ ਵੱਲੋਂ ਸੰਸਥਾ ਨੂੰ ਮੁਫਤ ਮੁਹੱਈਆ ਕਰਵਾਏ ਗਏ ਸਨ।
ਡਾ. ਸਿੱਧੂ ਨੇ ਆਪਣੇ ਸੰਬੋਧਨ ਵਿੱਚ ਵਾਤਾਵਰਣ ਨੂੰ ਸਾਫ-ਸੁਥਰਾ ਅਤੇ ਕੈਂਪਸ ਨੂੰ ਹਰਾ-ਭਰਾ ਰੱਖਣ ਲਈ ਕੀਤੇ ਜਾ ਰਹੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਸਮੁੱਚੀ ਮਾਨਵਤਾ ਲਈ ਪ੍ਰਦੂਸ਼ਨ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।ਇਸ ਨੂੰ ਘੱਟ ਕਰਨ ਵਿੱਚ ਰੁੱਖ ਅਹਿਮ ਭੂਮਿਕਾ ਨਿਭਾਉਂਦੇ ਹਨ।ਸਾਨੂੰ ਸਭ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਇਸ ਪ੍ਰਤੀ ਚੇਤਨਾ ਦਾ ਸੰਚਾਰ ਵੱਡੇ ਪੱਧਰ ਤੇ ਕਰਨਾ ਜ਼ਰੂਰੀ ਹੈ।ਉਹਨਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਇਹ ਸੰਸਥਾ ਇਸ ਪੱਖ ਤੋਂ ਆਪਣੀ ਜ਼ਿੰਮੇਵਾਰੀ ਬਾ-ਖੂਬੀ ਨਿਭਾ ਰਹੀ ਹੈ।ਜਿਸ ਸਦਕਾ ਇਹ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਇਸ ਨੂੰ ਰਾਜ ਪੱਧਰੀ ਐਵਾਰਡ ਜੇਤੂ ਹਰਾ-ਭਰਾ ਕੈਂਪਸ ਹੋਣ ਦਾ ਮਾਣ ਪ੍ਰਾਪਤ ਹੈ।ਇਸ ਮੌਕੇ ਪਿੰ੍ਰਸੀਪਲ ਪੌਲੀਵਿੰਗ ਮੈਡਮ ਅਨੁਰਾਧਾ ਰਾਣੀ, ਡੀਨ ਪੀ. ਐਂਡ ਡੀ. ਪ੍ਰੋ. ਨਵਤੇਜ ਘੁੰਮਣ, ਡਾ. ਰਾਜੀਵ ਅਰੋੜਾ ਵਿਭਾਗੀ ਮੁਖੀ ਕੈਮੀਕਲ ਇੰਜੀ., ਮੈਡਮ ਪਰਮਪ੍ਰੀਤ ਕੌਰ ਵਿਭਾਗੀ ਮੁਖੀ ਸਿਵਲ ਇੰਜੀ., ਪ੍ਰੋ ਬੋਹੜ ਸਿੰਘ ਪ੍ਰਿੰੰਸੀਪਲ ਸਕੂਲ ਆਫ ਆਰਕੀਟੈਕਚਰ, ਪ੍ਰੋ. ਗੁਰਜੀਵਨ ਸਿੰਘ ,ਅਸ਼ੋਕ ਭਗਤ, ਬਲਵਿੰਦਰ ਸਿੰਘ ਬਸਰਾ, ਹਰਪਿੰਦਰਪਾਲ ਰਾਣਾ, ਸਕੂਲ ਵਿੰਗ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।