ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੰਗ ਨੂੰ ਪਿਆ ਬੁਰ ਏ. ਸੀ. ਪੀ ਸਕੀਮ ਹੋਈ ਲਾਗੂ।
ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੀ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਫਿਰੋਜ਼ਪੁਰ ਜੀ ਨਾਲ 6 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਅਧਿਆਪਕਾਂ ਦੇ ਏ. ਸੀ. ਪੀ ਕੇਸ ਜਲੱਦ ਮੰਗੇ ਜਾਣ ਤੇ ਸਹਿਮਤੀ ਬਣੀ ਸੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਵਿੱਚ ਕਈ ਸਾਲਾਂ ਤੋਂ ਬੰਦ ਪਈ 4-9-14 ਏ. ਸੀ. ਪੀ ਸਕੀਮ ਨੂੰ ਲਾਗੂ ਕਰਵਾਉਣ ਲਈ ਯੂਨੀਅਨ ਦੇ ਲਾਮਿਸਾਲ ਸੰਘਰਸ਼ ਸਦਕਾ, ਜਿਸ ਵਿੱਚ ਗੁਰਦਾਸਪੁਰ ਵਿੱਚ ਕਨਵੈਨਸ਼ਨ ਕਰਕੇ ਸਰਕਾਰ ਦਾ ਪੁਤਲਾ ਫੂਕਣਾ, ਦੀਨਾਨਗਰ ਵਿਖੇ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨਾ, ਪੰਜਾਬ ਦੇ ਸਾਰੇ ਮੰਤਰੀਆਂ ਰਾਹੀਂ ਮੰਗ ਪੱਤਰ ਭੇਜਣਾ ਆਦਿ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਵਲੋਂ ਯੂਨੀਅਨ ਨਾਲ 5 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਏ. ਸੀ. ਪੀ ਸਕੀਮ ਮੁੜ ਲਾਗੂ ਕਰਨ ਦੇ ਆਦੇਸ਼ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਸਨ । ਇਸ ਸਬੰਧੀ ਡੀ ਈ ਓ ਸਾਹਿਬ ਜੀ ਨਾਲ ਯੂਨੀਅਨ ਦੀ ਹੋਈ ਮੀਟਿੰਗ ਵਿੱਚ 15 ਤਰੀਕ ਤੋਂ ਬਾਅਦ ਅਧਿਆਪਕਾਂ ਦੇ 4-9-14 ਦੇ ਕੇਸ ਮੰਗਣ ਤੇ ਸਹਿਮਤੀ ਬਣੀ ਸੀ ਤੇ ਅੱਜ ਇਸ ਸਬੰਧੀ ਪੱਤਰ ਜਾਰੀ ਹੋ ਗਿਆ ਹੈ। ਇਸ ਸਕੀਮ ਦੇ ਲਾਗੂ ਹੋਣ ਨਾਲ ਅਧਿਆਪਕਾਂ ਨੂੰ ਵਿੱਤੀਆ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਯੂਨੀਅਨ ਦੀ ਇਹ ਇਕ ਅਹਿਮ ਪ੍ਰਾਪਤੀ ਹੈ, ਜੋ ਆਧਿਆਪਕਾਂ ਨੂੰ ਸਮਰਪਿਤ ਹੈ। ਯੂਨੀਅਨ ਅੱਗੇ ਵੀ ਆਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖੇਗੀ।