-ਬਲਾਕ ਸੰਮਤੀ ਚੇਅਰਮੈਨ ਰੱਖੜੀ ਦੀ ਸ਼ਹਿ 'ਤੇ ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਯਤ ਕੀਤਾ ਹਮਲਾ
ਮਾਮਲਾ ਘਰ ਦੇ ਬਾਹਰ ਗਲੀ ਵਿਚ ਬੂਹਾ ਕੱਢਣ ਦਾ
-ਬਲਾਕ ਸੰਮਤੀ ਚੇਅਰਮੈਨ ਰੱਖੜੀ ਦੀ ਸ਼ਹਿ 'ਤੇ ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਯਤ ਕੀਤਾ ਹਮਲਾ
-ਪੁਲਿਸ ਨੇ ਕੀਤਾ ਬਲਾਕ ਸੰਮਤੀ ਚੇਅਰਮੈਨ ਸਮੇਤ ਛੇ ਦੇ ਖਿਲਾਫ ਪਰਚਾ ਦਰਜ
—— ਫਿਰੋਜ਼ਪੁਰ: ਕਰੀਬ ਚਾਰ ਸਾਲ ਪਹਿਲੋਂ ਤੋਂ ਘਰ ਦੇ ਸਾਹਮਣੇ ਛੱਡੀ ਗਈ ਗਲੀ ਵਿਚ ਦੋ ਵਿਅਕਤੀਆਂ ਵੱਲੋਂ ਬੂਹਾ ਕੱਢਣ ਦੀ ਕੋਸਿਸ਼ ਕੀਤੀ ਜਾ ਰਹੀ ਸੀ, ਜਿਸ ਦੇ ਸਬੰਧ ਵਿਚ ਦੋਵਾਂ ਧਿਰਾਂ ਦਾ ਆਪਸੀ ਕੇਸ ਵੀ ਮਾਣਯੋਗ ਅਦਾਲਤ ਵਿਚ ਵੀ ਚੱਲ ਰਿਹਾ ਸੀ। ਬੀਤੇ ਦਿਨ ਵੀ ਇਕ ਧਿਰ ਵੱਲੋਂ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ ਬਲਵੰਤ ਸਿੰਘ ਰੱਖੜੀ ਦਾ ਸਹਾਰਾ ਲੈਂਦਿਆ ਦੂਜੀ ਧਿਰ ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਉਸ ਨੂੰ ਫਰੀਦੋਕਟ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਵਲੋਂ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ ਬਲਵੰਤ ਸਿੰਘ ਰੱਖੜੀ ਸਮੇਤ 6 ਲੋਕਾਂ ਦੇ ਵਿਰੁੱਧ 307, 324, 452, 323, 506, 120-ਬੀ, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖੁਸ਼ਹਾਲ ਸਿੰਘ ਵਾਲਾ (ਰੱਖੜੀ) ਨੇ ਦੱਸਿਆ ਕਿ ਉਸ ਦੇ ਘਰ ਦੇ ਸਾਹਮਣੇ ਦਰਸ਼ਨ ਸਿੰਘ 'ਤੇ ਗੁਰਮੇਜ ਸਿੰਘ ਪੁੱਤਰਾਨ ਸੁਲੱਖਣ ਸਿੰਘ ਦਾ ਘਰ ਹੈ। ਜਿਨ੍ਹਾਂ ਦੇ ਘਰ ਦੇ ਸਾਹਮਣੇ ਉਨ੍ਹਾਂ ਵਲੋਂ ਛੱਡੀ ਗਈ ਗਲੀ ਵਿਚ ਅਰਸਾ ਕਰੀਬ 4 ਸਾਲ ਪਹਿਲਂੋ ਗਲੀ ਵਿਚ ਦਰਸ਼ਨ ਸਿੰਘ 'ਤੇ ਹੋਰਨਾਂ ਵਲੋਂ ਬੂਹਾ ਕੱਢਣ ਦੀ ਕੋਸਿਸ਼ ਕੀਤੀ ਜਾ ਰਹੀ ਸੀ, ਜਿਸ ਦੇ ਸਬੰਧ ਵਿਚ ਉਨ੍ਹਾਂ ਦਾ ਆਪਸੀ ਕੇਸ ਵੀ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਸੀ। ਬੀਤੇ ਦਿਨ ਵੀ ਉਕਤ ਦਰਸ਼ਨ ਸਿੰਘ ਵਲੋਂ ਹੋਰ ਸਾਥੀਆਂ ਨੂੰ ਨਾਲ ਲੈ ਕੇ ਗਲੀ ਵਿਚੋਂ ਬੂਹਾ ਕੱਢਣ ਦੀ ਕੋਸਿਸ਼ ਕੀਤੀ ਗਈ। ਜਸਵੰਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਪੁੱਛਿਆ ਤਾਂ ਮੌਕੇ ਤੇ ਮੌਜ਼ੂਦ ਮਨਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਨੇ ਲਲਕਾਰੇ ਮਾਰਦੇ ਆਖਿਆ ਕਿ ਉਨ੍ਹਾਂ ਨੂੰ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ ਬਲਵੰਤ ਸਿੰਘ ਨੇ ਕਿਹਾ ਹੈ ਕਿ ਜਾ ਕੇ ਬੂਹਾ ਕੱਢ ਲਓ, ਪੁਲਿਸ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੀ, ਮੈਂ ਆਪੇ ਦੇਖ ਲਵਾਂਗਾ। ਜਸਵੰਤ ਸਿੰਘ ਨੇ ਦੱਸਿਆ ਕਿ ਇਨ੍ਹੇ ਨੂੰ ਗੁਰਮੇਜ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਕਹੀ ਲੈ ਕੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਤੇ ਵਾਰ ਕੀਤੇ, ਜਦੋਂ ਉਸ ਨੇ ਇਕਦਮ ਸਿਰ ਪਿਛੇ ਕੀਤਾ ਤਾਂ ਕਹੀ ਦਾ ਵਾਰ ਉਸ ਦੇ ਨੱਕ ਤੇ ਸਿੱਧਾ ਜਾ ਵੱਜਾ। ਰੌਲਾ ਪੈਂਦਾ ਵੇਖ ਕੇ ਉਸ ਦਾ ਭਰਾ ਬਲਕਾਰ ਸਿੰਘ 'ਤੇ ਉਸ ਦਾ ਪੁੱਤਰ ਮਨਜਿੰਦਰ ਸਿੰਘ ਵੀ ਬਾਹਰ ਆ ਗਏ ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਜਿਆਦਾ ਸੱਟਾ ਹੋਣ ਕਰਕੇ ਉਸ ਨੂੰ ਘਰੇ ਲੈ ਗਏ। ਕਰੀਬ ਪੰਜ ਮਿੰਟ ਬਾਅਦ ਦਰਸ਼ਨ ਸਿੰਘ ਦੇ ਨਾਲ ਨਰਿੰਦਰ ਸਿੰਘ ਉਰਫ ਲੱਡਾ, ਨਿਰਮਲ ਸਿੰਘ ਪੁੱਤਰ ਗੁਰਮੇਜ ਸਿੰਘ ਉਸ ਦੇ ਘਰ ਆ ਗਏ ਦਰਸ਼ਨ ਸਿੰਘ ਨੇ ਕਿਰਪਾਨ ਨਾਲ ਉਸ ਤੇ ਵਾਰ ਕੀਤਾ, ਜਦੋਂ ਬਚਾਓ ਲਈ ਉਸ ਨੇ ਖੱਬਾ ਹੱਥ ਅੱਗੇ ਕੀਤਾ ਤਾਂ ਉਸ ਦੇ ਅਗੂਠੇ ਤੇ ਸਿੱਧਾ ਲੱਗਾ। ਇਸ ਦੌਰਾਨ ਨਰਿੰਦਰ ਸਿੰਘ ਨੇ ਦਸਤੇ 'ਤੇ ਬਲਕਾਰ ਸਿੰਘ ਨੇ ਸੋਟੇ ਨਾਲ ਉਸ ਤੇ ਵਾਰ ਕੀਤੇ। ਜਸਵੰਤ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਬਲਕਾਰ ਸਿੰਘ ਉਸ ਨੂੰ ਛੁਡਵਾਉਣ ਵਾਸਤੇ ਆਇਆ ਤਾਂ ਨਰਿੰਦਰ ਸਿੰਘ ਨੇ ਉਸ ਦੀ ਪੱਗ ਲਾ ਦਿੱਤੀ ਤੇ ਦਾੜੀ ਵੀ ਪੁੱਟੀ। ਉਨ੍ਹਾਂ ਵਲੋਂ ਰੌਲਾ ਪਾਉਣ ਤੇ ਉਕਤ ਸਾਰੇ ਵਿਅਕਤੀ ਭੱਜ ਗਏ ਤੇ ਕਹਿੰਦੇ ਜੇਕਰ ਥਾਣੇ ਗਏ ਤਾਂ ਜਾਨੋ ਮਾਰ ਦੇਵਾਂਗੇ। ਜਸਵੰਤ ਨੇ ਦੱਸਿਆ ਕਿ ਜਿਆਦਾ ਸੱਟਾਂ ਹੋਣ ਦੇ ਕਾਰਨ ਉਸ ਨੂੰ ਮਲਕੀਤ ਸਿੰਘ ਨੇ ਫਿਰੋਜ਼ਪੁਰ ਦੇ ਡਾਕਟਰਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾ ਦਿੱਤਾ।
………………………………
6 ਵਿਰੁੱਧ ਪਰਚਾ ਦਰਜ, ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ: ਪੁਲਿਸ
………………………………
ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵੰਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖੁਸ਼ਹਾਲ ਸਿੰਘ ਵਾਲਾ (ਰੱਖੜੀ) ਦੇ ਬਿਆਨਾਂ ਦੇ ਆਧਾਰ 'ਤੇ ਦਰਸ਼ਨ ਸਿੰਘ ਪੁੱਤਰ ਸੁਲੱਖਣ ਸਿੰਘ, ਗੁਰਮੇਜ ਸਿੰਘ ਪੁੱਤਰ ਸੁਲੱਖਣ ਸਿੰਘ, ਮਨਜੀਤ ਸਿੰਘ ਪੁੱਤਰ ਗੁਰਮੇਜ ਸਿੰਘ, ਨਰਿੰਦਰ ਸਿੰਘ, ਨਿਰਮਲ ਸਿੰਘ ਪੁੱਤਰ ਗੁਰਮੇਜ ਸਿੰਘ, ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ ਬਲਵੰਤ ਸਿੰਘ ਵਾਸੀਅਨ ਪਿੰਡ ਖੁਸ਼ਹਾਲ ਸਿੰਘ ਵਾਲਾ (ਰੱਖੜੀ) ਫਿਰੋਜ਼ਪੁਰ ਦੇ ਖਿਲਾਫ 307, 324, 452, 323, 506, 120-ਬੀ, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।