ਪਿੰਡ ਖਾਈ ਫੇਮੇ ਕੀ ਵਿਖੇ ਕੰਧ ਨੂੰ ਲੈ ਕੇ ਚੱਲੀਆਂ ਗੋਲੀਆਂ
-ਗੋਲੀਆਂ ਦੇ ਛਰੇ ਲੱਗਣ ਨਾਲ ਇਕੋਂ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ
-ਥਾਣਾ ਸਦਰ ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
—— ਫਿਰੋਜ਼ਪੁਰ: ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਸ਼ਨੀਵਾਰ ਨੂੰ ਕੰਧ ਦੇ ਝਗੜੇ ਨੂੰ ਹੋਏ ਝਗੜੇ ਵਿਚ ਕੁਝ ਲੋਕਾਂ ਵਲੋਂ ਤਿੰਨ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਨੌਨਿਹਾਲ ਸਿੰਘ ਵਾਸੀ ਖਾਈ ਫੇਮੇ ਕੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਕੰਧ ਦਾ ਗੁਆਢ ਦੇ ਲੋਕਾਂ ਨਾਲ ਝਗੜਾ ਚੱਲ ਰਿਹਾ ਹੈ। ਮਾਣਯੋਗ ਕੋਰਟ ਵਲੋਂ ਵੀ ਉਕਤ ਕੰਧ ਦੇ ਮਾਮਲੇ ਨੂੰ ਨੌਨਿਹਾਲ ਸਿੰਘ ਦੇ ਹੱਕ ਵਿਚ ਕਰ ਦਿੱਤਾ ਸੀ। ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਆਪਣੇ ਘਰ ਦੀ ਕੰਧ 'ਤੇ ਮਿਸਤਰੀ ਲਗਾ ਕੇ ਉਸਾਰੀ ਕਰ ਰਹੇ ਸਨ ਤਾਂ ਇਸ ਦੌਰਾਨ ਜਰਨੈਲ ਸਿੰਘ ਅਤੇ 5-6 ਹੋਰ ਵਿਅਕਤੀ ਆਏ, ਜਿਨ੍ਹਾਂ ਦੇ ਕੋਲ ਮਾਰੂ ਹਥਿਆਰ ਸਨ। ਨੌਨਿਹਾਲ ਸਿੰਘ ਨੇ ਦੱਸਿਆ ਕਿ ਪਹਿਲੋਂ ਤਾਂ ਜਰਨੈਲ ਸਿੰਘ ਨਾਲ ਉਨ੍ਹਾਂ ਦਾ ਕੰਧ ਨੂੰ ਲੈ ਕੇ ਝਗੜਾ ਹੋਇਆ। ਉਸ ਤੋਂ ਮਗਰੋਂ ਜਰਨੈਲ ਸਿੰਘ, ਹਰਿੰਦਰ ਸਿੰਘ, ਜਗਜੀਤ ਸਿੰਘ, ਜਗਵਿੰਦਰਪਾਲ ਸਿੰਘ, ਲਵਦੀਪ ਸਿੰਘ ਅਤੇ ਜਰਮਲ ਸਿੰਘ ਨੇ ਨੌਨਿਹਾਲ ਸਿੰਘ, ਰਣਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਨੌਨਿਹਾਲ ਸਿੰਘ, ਰਣਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੂੰ ਗੋਲੀਆਂ ਦੇ ਛਰੇ ਲੱਗੇ, ਜਿਸ ਨਾਲ ਉਹ ਜ਼ਮਖੀ ਹੋ ਗਏ। ਨੌਨਿਹਾਲ ਸਿੰਘ ਦੇ ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਨੌਨਿਹਾਲ ਸਿੰਘ, ਰਣਜੀਤ ਸਿੰਘ, ਹਰਮਨਪ੍ਰੀਤ ਸਿੰਘ ਨੂੰ ਇਲਾਜ਼ ਦੇ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਫਿਰੋਜ਼ਪੁਰ ਦੇ ਐਸਐਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਨਿਹਾਲ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਦਿਆ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।