#ਤਣਾਅ # ਵਿਜੈ ਗਰਗ
ਉਦਾਸੀ ਹਟਾਉਣ ਵਾਲੇ ਨੂੰ ਸੁਹਿਰਦ ਹੋਣਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਉਦਾਸ ਆਦਮੀ ਹਮੇਸ਼ਾ ਨਕਾਰਾਤਮਕ ਪੱਖ ਤੋਂ ਗੱਲਾਂ ਕਰੇ। ਉਸ ਦੀਆਂ ਭਾਵਨਾਵਾਂ ਦਾ ਕੱਟ ਨਾ ਕਰਦੇ ਹੋਏ ਉਸ ਦੀਆਂ ਗੱਲਾਂ ਸੁਣ ਲੈਣ ਦੀ ਕੋਸ਼ਿਸ਼ ਛੇਤੀ ਹੀ ਉਦਾਸੀ ਛਾਂਟ ਸਕਦੀ ਹੈ।
ਸੁੱਖ-ਦੁੱਖ, ਇਨ੍ਹਾਂ ਦੋ ਅਨੁਭੂਤੀਆਂ ਦੇ ਧਾਗਿਆਂ ਨਾਲ ਮਨੁੱਖ ਦਾ ਪੂਰਾ ਜੀਵਨ ਬੁਣਿਆ ਗਿਆ ਹੈ। ਇਨ੍ਹਾਂ ਦੋ ਪਟੜੀਆਂ 'ਤੇ ਅਦਲ-ਬਦਲ ਕੇ ਚਲਦੇ-ਚਲਦੇ ਜੀਵਨ ਦੀ ਗੱਡੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੀ ਹੈ। ਜ਼ਰੂਰੀ ਨਹੀਂ ਹੈ ਕਿ ਰਾਹ ਵਿਚ ਠੋਕਰ ਨਾ ਹੋਵੇ ਜਾਂ ਕਿਤੇ ਜੀਵਨ ਦੀ ਗੱਡੀ ਲੜਖੜਾਏ ਨਾ। ਜੀਵਨ ਵਿਚ ਅਨੇਕਾਂ ਦੁੱਖ-ਸੁੱਖ ਆਉਂਦੇ ਰਹਿੰਦੇ ਹਨ। ਜਿਥੇ ਸੁੱਖ ਆਉਣ 'ਤੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਉਥੇ ਦੁੱਖ ਆਉਣ 'ਤੇ ਕੁਝ ਪਲ ਲੰਘਾਉਣੇ ਵੀ ਮੁਸ਼ਕਿਲ ਹੋ ਜਾਂਦੇ ਹਨ।
ਸਾਨੂੰ ਜੀਵਨ ਦੇ ਅਨੇਕ ਉਦਾਸ ਪਲਾਂ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੋਕ ਦੁੱਖਾਂ ਦੇ ਪਲ ਵਿਚ ਨਿਰੰਤਰ ਡੁੱਬਦੇ ਚਲੇ ਜਾਂਦੇ ਹਨ, ਗਮ ਦੇ ਅਤੀਤ ਕਾਲੀਨ ਸਮੁੰਦਰ ਵਿਚ। ਇਸੇ ਤਰ੍ਹਾਂ ਖੁਸ਼ੀ ਵਿਚ ਵੀ ਸਾਵਾਂ ਨਹੀਂ ਕਰ ਪਾਉਂਦੇ। ਜੀਵਨ ਛੋਟਾ ਹੈ, ਕੰਮ ਜ਼ਿਆਦਾ, ਘਟਨਾਵਾਂ ਜ਼ਿਆਦਾ। ਵਿਚਾਰਕ ਵਿਰੋਧ ਅਤੇ ਕੁਦਰਤੀ ਪ੍ਰਕੋਪ ਵੀ ਰਹਿਣਗੇ। ਨਿਯਤਿ ਦਾ ਕ੍ਰਮ ਵੀ ਜਾਰੀ ਰਹੇਗਾ। ਫਿਰ ਆਓ ਦੇਖਦੇ ਹਾਂ ਉਦਾਸੀ ਕਿਵੇਂ ਘੱਟ ਹੋਵੇਗੀ?
ਛੋਟੇ ਬੱਚਿਆਂ ਦੇ ਨਾਲ ਜਿੰਨਾ ਵੀ ਸਮਾਂ ਗੁਜ਼ਰਦਾ ਹੈ, ਉਹ ਦਿਲ ਨੂੰ ਗੁਦਗੁਦਾਉਣ ਵਾਲੇ ਅਨੇਕ ਪ੍ਰਸੰਗ ਸਾਹਮਣੇ ਲਿਆਉਂਦੇ ਹਨ। ਪਲ ਦਾ ਭਾਰੀਪਣ ਹਲਕੇਪਨ ਵਿਚ ਬਦਲ ਜਾਂਦਾ ਹੈ। ਬੱਚਿਆਂ ਦੀਆਂ ਮਾਸੂਮ ਅਦਾਵਾਂ ਆਪਣੀਆਂ ਹਰਕਤਾਂ ਨਾਲ ਡੂੰਘੀ ਤੋਂ ਡੂੰਘੀ ਉਦਾਸੀ ਦੀਆਂ ਜੜ੍ਹੋਂ ਪੁੱਟ ਸੁੱਟਦੀਆਂ ਹਨ।
ਉਦਾਸ ਆਦਮੀ ਜੇ ਇਕੱਲਾ ਹੋਵੇ ਤਾਂ ਉਹ ਦੋਹਰੀ ਉਦਾਸੀ ਦਾ ਅਹਿਸਾਸ ਕਰੇਗਾ। ਉਸ ਦੀ ਉਦਾਸੀ ਘਟਣ ਦੀ ਬਜਾਏ ਵਧਦੀ ਜਾਵੇਗੀ। ਕਿਸੇ ਪਿਆਰੇ ਵਿਅਕਤੀ ਨੂੰ ਫੋਨ ਕਰਕੇ ਵੀ ਦਿਲ ਦੀ ਆਵਾਜ਼ ਪਹੁੰਚਾਈ ਜਾ ਸਕਦੀ ਹੈ। ਅਸੀਂ ਭਾਵਨਾਤਮਕ ਸਹਾਰਾ ਪਾ ਸਕਦੇ ਹਾਂ। ਹੋ ਸਕਦਾ ਹੈ ਕਿ ਫੋਨ ਕਰਨ 'ਤੇ ਉਹ ਗੱਲਾਂ ਹੋ ਜਾਣ ਜੋ ਮਨ ਦੀ ਨਿਰਾਸ਼ਾ ਅਤੇ ਉਦਾਸੀ ਨੂੰ ਦੂਰ ਕਰ ਦੇਣ ਪਰ ਫੋਨ ਨਾਲੋਂ ਜ਼ਿਆਦਾ ਪ੍ਰਭਾਵਪੂਰਨ ਕਿਸੇ ਨੂੰ ਪੱਤਰ ਲਿਖਣਾ ਵੀ ਹੋ ਸਕਦਾ ਹੈ। ਪੱਤਰ ਰਾਹੀਂ ਮਨ ਦੀ ਹਾਲਤ ਨੂੰ ਕਾਗਜ਼ 'ਤੇ ਉਤਾਰ ਕੇ ਅਸੀਂ ਦਿਲ ਦਾ ਬੋਝ ਹਲਕਾ ਕਰ ਸਕਦੇ ਹਾਂ।
ਜੇ ਉਦਾਸ ਵਿਅਕਤੀ ਰੋਜ਼ਾਨਾ ਡਾਇਰੀ ਲਿਖਦਾ ਹੈ ਤਾਂ ਉਦਾਸੀ ਦੇ ਦਿਨਾਂ ਵਿਚ ਇਹ ਆਦਤ ਬੇਹੱਦ ਸਹਿਯੋਗੀ ਹੁੰਦੀ ਹੈ। ਸਾਹਿਤ ਦਾ ਸਿਰਜਣ ਦੁੱਖਾਂ ਤੋਂ ਬਾਅਦ ਸਭ ਤੋਂ ਯਥਾਰਥ ਰੂਪ ਵਿਚ ਹੁੰਦਾ ਹੈ। ਰੋਜ਼ਾਨਾ ਡਾਇਰੀ ਵਿਚ ਆਪਣੀਆਂ ਸਾਹਿਤਕ ਮਨੋਭਾਵਨਾਵਾਂ ਨੂੰ ਪ੍ਰਗਟ ਕਰਕੇ ਮਾਨਸਿਕ ਸ਼ਾਂਤੀ ਪਾਈ ਜਾ ਸਕਦੀ ਹੈ। ਉਸ ਪਲ ਚੰਗੇ ਗੀਤ, ਕਹਾਣੀ, ਕਵਿਤਾ ਜਾਂ ਵੱਡੇ ਉਪਨਿਆਸ ਲਿਖੇ ਜਾ ਸਕਦੇ ਹਨ। ਸਾਨੂੰ ਤੁਲਸੀ ਅਤੇ ਸੂਰਦਾਸ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਦਾਸੀ ਦਾ ਕਾਰਨ ਜਾਣਨਾ ਜ਼ਰੂਰੀ ਨਹੀਂ ਪਰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਕਿ ਲੰਬੀ ਉਦਾਸੀ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਅਨੇਕ ਰੋਗਾਂ ਦਾ ਕਾਰਨ ਬਣ ਸਕਦੀ ਹੈ। ਜੇ ਦਰਦ ਦੇ ਭਾਰ ਨਾਲ ਉਹ ਵਿਅਕਤੀ ਅੰਦਰ ਹੀ ਅੰਦਰ ਘੁਟਦਾ ਰਹੇ ਤਾਂ ਇਕ ਦਿਨ ਉਹ ਦਿਲ ਦਾ ਮਰੀਜ਼ ਹੋ ਸਕਦਾ ਹੈ।
ਉਦਾਸ ਵਿਅਕਤੀ ਦੇ ਉਦਾਸੀ ਪ੍ਰਗਟ ਕਰਨ ਦੇ ਢੰਗ ਵੱਖ-ਵੱਖ ਹੋ ਸਕਦੇ ਹਨ। ਉਦਾਸੀ ਕਦੇ ਮੌਤ ਹੁੰਦੀ ਹੈ, ਕਦੇ ਕ੍ਰੋਧੀ। ਉਦਾਸ ਦਿਲ ਕਦੋਂ, ਕਿਥੇ, ਕੀ ਮੋੜ ਲਵੇ, ਇਹ ਕਹਿਣਾ ਮੁਸ਼ਕਿਲ ਹੈ। ਇਹੀ ਧਿਆਨ ਰੱਖਣਾ ਹੁੰਦਾ ਹੈ ਕਿ ਜਦੋਂ ਉਦਾਸ ਬੁੱਲ੍ਹਾਂ ਵਿਚੋਂ ਜ਼ਿੰਦਗੀ ਦੇ ਗ਼ਮ ਬਾਹਰ ਆਉਣ ਤਾਂ ਸਾਹਮਣੇ ਬੈਠੇ ਵਿਅਕਤੀ ਠੀਕ ਉਸੇ ਤਰ੍ਹਾਂ ਹੌਲੀ-ਹੌਲੀ ਨਰਮ ਭਾਸ਼ਾ ਵਿਚ ਉਨ੍ਹਾਂ ਅੰਦਰ ਦੇ ਅੰਧਕਾਰਾਂ ਨੂੰ ਕੱਟਣ ਦੀ ਕੋਸ਼ਿਸ਼ ਕਰਨ, ਜਿਸ ਤਰ੍ਹਾਂ ਇਕ ਮਾਂ ਲੋਰੀ ਗਾ ਕੇ ਆਪਣੇ ਛੋਟੇ ਲਾਡਲੇ ਦੀ ਸਾਰੀ ਥਕਾਨ ਦੂਰ ਕਰ ਦਿੰਦੀ ਹੈ।
ਉਦਾਸੀ ਹਟਾਉਣ ਵਾਲੇ ਨੂੰ ਸੁਹਿਰਦ ਹੋਣਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਉਦਾਸ ਆਦਮੀ ਹਮੇਸ਼ਾ ਨਕਾਰਾਤਮਕ ਪੱਖ ਤੋਂ ਗੱਲਾਂ ਕਰੇ। ਉਸ ਦੀਆਂ ਭਾਵਨਾਵਾਂ ਦਾ ਕੱਟ ਨਾ ਕਰਦੇ ਹੋਏ ਉਸ ਦੀਆਂ ਗੱਲਾਂ ਸੁਣ ਲੈਣ ਦੀ ਕੋਸ਼ਿਸ਼ ਛੇਤੀ ਹੀ ਉਦਾਸੀ ਛਾਂਟ ਸਕਦੀ ਹੈ।
ਸਾਨੂੰ ਥੋੜ੍ਹਾ ਹਾਸਾ, ਖੁਸ਼ੀ ਅਤੇ ਮਜ਼ਾਕ ਨੂੰ ਮਹੱਤਵ ਦੇਣਾ ਚਾਹੀਦਾ ਹੈ। ਅਕਸਰ ਦੋ ਪਿਆਰ ਕਰਨ ਵਾਲੇ ਜਦੋਂ ਕਰੀਬ ਹੋਣ ਤਾਂ ਉਨ੍ਹਾਂ ਦਾ ਪਲ-ਪਲ ਬਦਲਦਾ ਨਵੀਨ ਅੰਦਾਜ਼ ਮਨ ਨੂੰ ਖੁਸ਼ ਕਰ ਸਕਦਾ ਹੈ। ਕੁਝ ਅਜਿਹੇ ਮਜ਼ਾਕੀਆ ਰਿਸ਼ਤੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਜਾਂ ਉਨ੍ਹਾਂ ਦੇ ਕਰੀਬ ਹੋਣ ਨਾਲ ਸਾਰੇ ਤਣਾਅ ਜਾਂਦੇ ਰਹਿੰਦੇ ਹਨ। ਮਾਨਸਿਕ ਪ੍ਰੇਸ਼ਾਨੀ ਨੂੰ ਛੋਟਾ ਨਾ ਸਮਝੋ ਪਰ ਉਸ ਨੂੰ ਹਮੇਸ਼ਾ ਛੋਟਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੋ।
ਵਿਜੈ ਗਰਗ ਪਿ੍ੰਸੀਪਲ ਮਲੋਟ