ਜ਼ਿਲ੍ਹਾ ਪ੍ਰਸ਼ਾਸਨ ਨੇ ਸਵੀਪ ਬਸੰਤ ਮੇਲੇ ਦਾ ਆਯੋਜਨ ਕਰਕੇ ਦਿੱਤਾ ਵੋਟਰ ਜਾਗਰੂਕਤਾ ਦਾ ਸੰਦੇਸ਼
ਦੇਸ਼ ਦੇ ਵਿਕਾਸ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਨੂੰ ਵੋਟ ਦੀ ਮਹੱਤਤਾ ਸਮਝਦੇ ਹੋਏ ਬਿਨਾਂ ਕਿਸੇ ਲਾਲਚ, ਡਰ ਅਤੇ ਜਾਤ,ਪਾਤ ਤੋਂ ਉੱਪਰ ਉੱਠ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ, ਚੋਣ ਅਬਜ਼ਰਵਰ (ਜਨ) ਸ੍ਰੀ ਮਨੀਸ਼ ਗਰਗ, ਸ੍ਰੀ ਸੁਰਿੰਦਰ ਵਿਕਰਮ, ਸ੍ਰੀ ਦੇਵ ਜੋਤੀ ਰਾਏ ਪੁਲਿਸ ਅਬਜ਼ਰਵਰ ਨੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਬਸੰਤ ਮੇਲਾ 2017 ਦੇ ਆਯੋਜਨ ਮੌਕੇ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਗਰਗ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸ਼ਰੂਤੀ ਸ਼ਰਮਾ, ਸ੍ਰੀ ਵਨੀਤ ਕੁਮਾਰ ਏ.ਡੇ.ਸੀ (ਵਿਕਾਸ), ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣ ਅਬਜ਼ਰਵਰ ਨੇ ਸਵੀਪ ਮੁਹਿੰਮ ਤਹਿਤ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵੋਟਰਾਂ ਤੇ ਖ਼ਾਸ ਕਰਕੇ ਨਵੇਂ ਬਣੇ ਨੌਜਵਾਨ ਵੋਟਰਾਂ ਵਿੱਚ ਆਪਣੇ ਵੋਟ ਦੇ ਹੱਕ ਦੇ ਇਸਤੇਮਾਲ ਪ੍ਰਤੀ ਹੋਰ ਜਾਗਰੂਕਤਾ ਆਵੇਗੀ। ਇਸ ਮੌਕੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਦਾ ਪ੍ਰਣ ਵੀ ਕਰਵਾਇਆ ਗਿਆ।
ਇਸ ਮੌਕੇ ਵੋਟਰ ਜਾਗਰੂਕਤਾ ਦੇ ਸਲੋਗਨ ਅਤੇ ਨਾਅਰੇ ਲਿਖੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਧੀਆ ਪਤੰਗਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਸ: ਗੁਰਮੀਤ ਸਿੰਘ ਢਿੱਲੋਂ ਆਰ.ਓ ਫ਼ਿਰੋਜ਼ਪੁਰ (ਦਿਹਾਤੀ), ਸ: ਟੀ.ਐੱਸ ਸਿੱਧੂ ਡਾਇਰੈਕਟਰ ਐੱਸ.ਬੀ.ਐੱਸ ਕਾਲਜ, ਡਾ. ਸਤਿੰਦਰ ਸਿੰਘ ਕੁਆਰਡੀਨੇਟਰ ਸਵੀਪ, ਸ੍ਰੀ ਕਮਲ ਸ਼ਰਮਾ, ਸ੍ਰੀ ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾਂ, ਸ੍ਰੀ ਬੀਰ ਪ੍ਰਤਾਪ ਸਿੰਘ ਗਿੱਲ, ਸ੍ਰੀ ਰਜਿੰਦਰ ਕਟਾਰੀਆਂ, ਸ: ਬਲਵਿੰਦਰ ਸਿੰਘ ਮੋਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਸਨ।