ਤਿੰਨ ਰੋਜ਼ਾ ਕੌਮੀ ਲੋਕ ਨਾਚ ਤੇ ਸੱਭਿਆਚਾਰਕ ਮੇਲਾ ਮਿੱਠੀਆਂ ਯਾਦਾਂ ਛੱਡਦਾ ਸੰਪੰਨ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ
ਤਿੰਨ ਰੋਜ਼ਾ ਕੌਮੀ ਲੋਕ ਨਾਚ ਤੇ ਸੱਭਿਆਚਾਰਕ ਮੇਲਾ ਮਿੱਠੀਆਂ ਯਾਦਾਂ ਛੱਡਦਾ ਸੰਪੰਨ
ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਲੋਕ ਨਾਚ ਤੇ ਗਾਇਕਾਂ ਲਈ ਗੀਤਾਂ ਦੀ ਛਹਿਬਰ
ਫ਼ਿਰੋਜ਼ਪੁਰ 28 ਸਤੰਬਰ (ਗੁਰਿੰਦਰ ਸਿੰਘ) ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੌਮੀ ਲੋਕ ਨਾਚ ਤੇ ਸੱਭਿਆਚਾਰਕ ਮੇਲਾ ਮਿੱਠੀਆਂ ਯਾਦਾਂ ਛੱਡਦਾ ਸੰਪੰਨ ਹੋ ਗਿਆ। ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਨਿਰਦੇਸ਼ਕ ਡਾ: ਰਾਜਿੰਦਰ ਸਿੰਘ ਗਿੱਲ ਦੀ ਸਰਪਸਤੀ ਹੇਠ ਕਰਵਾਏ ਗਏ ਇਸ ਤਿੰਨ ਰੋਜ਼ਾ ਕੌਮੀ ਲੋਕ ਨਾਚ ਅਤੇ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਗੁਰਜਾਤ ਅਤੇ ਮੱਧ ਪ੍ਰਦੇਸ਼ ਦੇ ਲੋਕ ਕਲਾਕਾਰਾਂ ਨੇ ਆਪੋ ਆਪਣੇ ਰਾਜਾਂ ਦੇ ਲੋਕ ਨਾਚ ਪੇਸ਼ ਕੀਤੇ, ਉੱਥੇ ਗਾਇਕੀ ਦੇ ਖੁੱਲੇ ਅਖਾੜੇ ਵਿੱਚ ਪੰਜਾਬੀ ਗਾਇਕ ਰਾਜਨ ਗਿੱਲ, ਮਨਜੀਤ ਰੂਪੋਵਾਲੀਆ, ਸਾਰਥੀ ਕੇ ਅਤੇ ਮਨੀ ਸਿੱਧੂ ਵੱਲੋਂ ਆਪਣੇ ਚਰਚਿਤ ਗੀਤਾਂ ਨਾਲ ਖੂਬ ਹਾਜ਼ਰੀ ਲਵਾਈ ਜਿਸਦਾ ਹਾਜ਼ਰੀਨ ਨੇ ਭਰਪੂਰ ਆਂਨੰਦ ਮਾਣਿਆ ।
ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸਨ ਅਤੇ ਪੰਜਾਬੀ ਲੋਕ ਕਲਾ ਅਕੈਡਮੀ (ਰਜਿ) ਫ਼ਿਰੋਜਪੁਰ ਦੇ ਸਹਿਯੋਗ ਨਾਲ ਕਰਵਾਏ ਇਸ ਮੇਲੇ ਦੀ ਸ਼ੁਰੂਆਤ ਬਾਬਾ ਬਿਧੀ ਚੰਦ ਕਾਲਜ ਕੁੱਲਗੜ•ੀ ਵਿਖੇ ਆਰਗੇਨਾਈਜੇਸ਼ਨ ਦੇ ਅਹੁੱਦੇਦਾਰਾਂ ਅਤੇ ਪਤਵੰਤੇ ਸੱਜਣਾ ਵੱਲੋਂ ਸਹੀਦ ਭਗਤ ਸਿੰਘ ਦੀ ਫੋਟੋ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਹੋਈ। ਮੇਲੇ ਦੇ ਦੂਜੇ ਦਿਨ ਇਤਿਹਾਸਕ ਪਿੰਡ ਫ਼ਿਰੋਜਸ਼ਾਹ ਦੇ ਖੁੱਲੇ ਮੈਦਾਨ ਵਿੱਚ ਕਰਵਾਏ ਮੇਲੇ ਦਾ ਪਿੰਡ ਅਤੇ ਇਲਾਕਾ ਨਿਵਸੀਆਂ ਦੇਰ ਰਾਤ ਤੱਕ ਭਰਪੂਰ ਆਨੰਦ ਮਾਣਿਆ। ਦਸ਼ਮੇਸ਼ ਯ੍ਰੂਥ ਕਲੱਬ ਫ਼ਿਰੋਜ਼ਸਾਹ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਥਾਣਾ ਘੱਲ ਖੁਰਦ ਦੇ ਮੁੱਖੀ ਸਤਨਾਮ ਸਿੰਘ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ, ਮੇਲੇ ਦਾ ਇਹ ਪੜ•ਾਅ ਸਰੋਤਿਆਂ ਦੀ ਹਾਜ਼ਰੀ ਪੱਖੋਂ ਕਾਫੀ ਸਫਲ ਰਿਹਾ। ਮੇਲੇ ਦੇ ਤੀਜੇ 'ਤੇ ਆਖਰੀ ਦਿਨ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਦੇ ਵਿਹੜੇ ਵਿੱਚ ਚੱਲੇ ਲੋਕ ਨਾਚਾਂ ਦੇ ਪ੍ਰਵਾਹ ਅਤੇ ਗੀਤ-ਸੰਗੀਤ ਦੀ ਲੱਗੀ ਛਹਿਬਰ ਦੌਰਾਨ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਜਿਹਨਾਂ ਵਿੱਚ ਹਰਿਆਣੇ ਦੇ ਕਲਾਕਾਰਾਂ ਵੱਲੋਂ ਫਾਗ ਨਾਚ, ਪੰਜਾਬ ਦਾ ਮਾਰਸ਼ਲ ਆਰਟ ਗਤਕਾ, ਮੱਧ ਪ੍ਰਦੇਸ਼ ਦਾ ਬਧਾਈ ਨ੍ਰਿਤ, ਪੰਜਾਬ ਦੀਆਂ ਮਾਣਮੱਤੀਆਂ ਮੁਟਿਆਰਾਂ ਦਾ ਨਾਚ ਗਿੱਧਾ, ਗੁਰਜਾਤ ਤੋਂ ਆਏ ਅਫਰੀਕੀ ਪਿੱਛੌਕੜ ਦੇ ਕਲਾਕਾਰਾਂ ਵੱਲੋਂ ਸਿੱਧੀ ਧਮਾਲ ਤੋਂ ਬਾਅਦ ਪੰਜਾਬ ਦੇ ਗਭਰੂਆਂ ਵੱਲੋਂ ਪੇਸ਼ ਕੀਤੇ ਭੰਗੜੇ ਤੇ ਝੁੰਮਰ ਨੇ ਦਰਸ਼ਕਾਂ ਨੂੰ ਝੁੰਮਣ ਲਾਈ ਰੱਖਿਆ। ਲੋਕ ਕਲਾਕਾਰਾਂ ਤੋਂ ਇਲਾਵਾ ਕਾਲਜ ਵਿਦਿਆਰਥੀਆਂ ਵੱਲੋਂ ਪੇਸ ਕੀਤੇ ਫੋਕ ਆਰਕੈਸਟਰਾ, ਹਰਿਆਣਵੀ ਨਾਚ ਘੁੰਮਰ ਅਤੇ ਵਾਰ ਗਾਇਣ ਨੇ ਹਾਜ਼ਰੀਨ ਦਾ ਭਰਪੂਰ ਮਨੋਰਜਨ ਕੀਤਾ। ਮੇਲੇ ਦੌਰਾਨ ਸਟੇਜ ਦੀ ਜਿੰਮੇਵਾਰੀ ਪ੍ਰਸਿੱਧ ਕਮੇਡੀ ਕਲਾਕਾਰ ਗਗਨ ਗਿੱਲ ਨੇ ਬਾਖੂਬੀ ਨਿਭਾਈ। ਇਸ ਮੌਕੇ ਜੀਰਾ ਦੇ ਨਾਇਬ ਤਹਿਸੀਲਦਾਰ ਵਿਜੇ ਬਹਿਲ, ਬਾਬਾ ਕੁੰਦਨ ਸਿੰਘ ਕਾਲਜ ਦੇ ਪਿੰ੍ਰਸੀਪਲ ਡਾ: ਸੁਰਜੀਤ ਸਿੰਘ ਸਿੱਧੂ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵੱਲੋਂ ਰਾਜੇਸ਼ ਬਖਸ਼ੀ ਅਤੇ ਰਾਜੇਸ਼ ਬੱਸੀ, ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸਨ ਫ਼ਿਰੋਜਪੁਰ ਦੇ ਪ੍ਰਧਾਨ ਗੁਰਭੇਜ ਸਿੰਘ ਟਿੱਬੀ, ਮਨਮਿੰਦਰ ਸਿੰਘ ਮਨੀ ਸਰਪੰਚ, ਹਰਜਿੰਦਰ ਸਿੰਘ ਸਾਬ•, ਸ਼ਮਸ਼ੇਰ ਸਿੰਘ ਸਰਪੰਚ, ਹਰਜਿੰਦਰ ਸਿੰਘ ਕੁੱਲਗੜ•ੀ, ਸੁਖਬੀਰ ਸਿੰਘ ਬਾਠ, ਕੁਲਦੀਪ ਸਿੰਘ, ਜਸਬੀਰ ਸਿੰਘ ਕਮੱਗਰ, ਦਿਲਬਾਗ ਸਿੰਘ ਸੇਰਖਾਂ, ਹਰਪਾਲ ਸਿੰਘ ਟਿੱਬੀ, ਜਰਨੈਲ ਸਿੰਘ ਸਰਪੰਚ, ਦਵਿੰਦਰ ਸਿੰਘ ਕਮੱਗਰ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਦੇ ਪ੍ਰਧਾਂਨ ਜਸਵਿੰਦਰ ਸਿੰਘ ਸੰਧੂ, ਪੰਜਾਬੀ ਲੋਕ ਕਲਾ ਅਕੈਡਮੀ ਦੇ ਜਨਰਲ ਸਕੱਤਰ ਸਟੇਟ ਅਵਾਰਡੀ ਗੁਰਿੰਦਰ ਸਿੰਘ, ਵਿੱਤ ਸਕੱਤਰ ਮਲਕੀਅਤ ਸਿੰਘ, ਆਦਿ ਹਾਜ਼ਰ ਸਨ।
ਕੈਪਸ਼ਨ : ਕੌਮੀ ਲੋਕ ਨਾਚ ਤੇ ਸੱਭਿਆਚਾਰਕ ਮੇਲੇ ਦੌਰਾਨ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਵੱਖ ਵੱਖ ਰਾਜਾਂ ਦੇ ਕਲਾਕਾਰ।