ਨਰੂਲਾ ਰਿਫਾਇੰਡ ਇੰਡਸਟਰੀ 'ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ• ਕੇ ਸੁਆਹ
– 6 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ
– 40 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ
ਗੁਰੂਹਰਸਹਾਏ, 24 ਅਪ੍ਰੈਲ (ਪਰਮਪਾਲ ਗੁਲਾਟੀ)- ਸਥਾਨਕ ਸ਼ਹਿਰ ਦੇ ਸਰੂਪ ਸਿੰਘ ਵਾਲਾ ਰੋਡ ਵਿਖੇ ਸਥਿਤ ਨਰੂਲਾ ਫੂਡਜ਼ ਪ੍ਰਾਈਵੇਟ ਲਿਮਟਿਡ ਇੰਡਸਟਰੀ 'ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੰਡਸਟਰੀ ਦੇ ਮਾਲਕ ਰਵੀ ਨਰੂਲਾ ਅਤੇ ਅਸ਼ੋਕ ਨਰੂਲਾ ਨੇ ਦੱਸਿਆ ਕਿ ਇੰਡਸਟਰੀ ਅੰਦਰ ਲੱਗੀ ਕਰੀਬ 20 ਕਰੋੜ ਰੁਪਏ ਦੀ ਮਸ਼ੀਨਰੀ ਅਤੇ ਇੰਡਸਟਰੀ ਅੰਦਰ ਕਨਟੇਨਰਾਂ 'ਚ ਲਗਭਗ 20 ਕਰੋੜ ਰੁਪਏ ਦਾ ਪਿਆ ਕੱਚਾ ਰਿਫਾਇੰਡ ਤੇਲ ਸੜ• ਕੇ ਸੁਆਹ ਹੋ ਗਿਆ। ਉਹਨਾਂ ਦੱਸਿਆ ਕਿ ਅੱਜ ਸਵੇਰੇ ਕਰੀਬ 4:30 ਵਜੇ ਇੰਡਸਟਰੀ 'ਚ ਬਿਜਲੀ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖਦੇ ਹੋਏ ਆਸਪਾਸ ਦੇ ਲੋਕਾਂ ਨੇ ਇੰਡਸਟਰੀ ਦੇ ਅੰਦਰ ਮੁਲਾਜ਼ਮਾਂ ਨੂੰ ਉਠਾਇਆ। ਮੌਕੇ 'ਤੇ ਪੁੱਜੇ ਇੰਡਸਟਰੀ ਮਾਲਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੱਧਦੀ ਅੱਗ ਨੂੰ ਦੇਖਦਿਆਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਅੱਗ ਬੁਝਾਉਣ ਲਈ ਆਸਪਾਸ ਦੇ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਗੱਡੀਆਂ ਪੁੱਜ ਗਈਆਂ। ਲੱਗੀ ਅੱਗ ਇੰਨੀ ਜਬਰਦਸਤ ਸੀ ਕਿ ਅੱਗ ਦੀਆਂ ਲਪਟਾਂ ਪੂਰੇ ਸ਼ਹਿਰ ਅੰਦਰ ਦਿਖਾਈ ਦੇ ਰਹੀਆਂ ਸਨ ਅਤੇ ਪੂਰਾ ਆਸਮਾਨ ਧੂੰਏ ਨਾਲ ਭਰ ਚੁੱਕਿਆ ਸੀ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣ 'ਤੇ ਲਗਭਗ 6 ਘੰਟਿਆਂ ਤੱਕ ਜੱਦੋ-ਜਹਿਦ ਕਰਨੀ ਪਈ ਪਰੰਤੂ ਅੱਗ 'ਤੇ ਕਾਬੂ ਪਾਉਣ ਤੋਂ ਪਹਿਲਾਂ ਇੰਡਸਟਰੀ 'ਚ ਲੱਗੀ ਕਰੋੜਾਂ ਰੁਪਏ ਦੀ ਮਸ਼ੀਨਰੀ ਅਤੇ ਕਰੋੜਾਂ ਰੁਪਏ ਦਾ ਕੱਚਾ ਰਿਫਾਇੰਡ ਤੇਲ ਸੜ ਕੇ ਸੁਆਹ ਹੋ ਚੁੱਕਾ ਸੀ।
ਇਸ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਐਸ.ਡੀ.ਐਮ ਗੁਰੂਹਰਸਹਾਏ ਪ੍ਰੋ. ਜਸਪਾਲ ਸਿੰਘ ਗਿੱਲ ਵੱਲੋਂ ਵੀ ਮੌਕੇ 'ਤੇ ਜਾ ਕੇ ਸਥਿਤੀ ਦਾ ਜ਼ਾਇਜ਼ਾ ਲਿਆ ਗਿਆ। ਤਹਿਸੀਲਦਾਰ ਜੈਤ ਪਾਲ ਅਤੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਲਈ ਪੂਰੀ ਮਦਦ ਕੀਤੀ ਇੰਡਸਟਰੀ ਮਾਲਕ ਨੇ ਅੱਗ ਲੱਗਣ ਨਾਲ ਹੋਏ ਨੁਕਸਾਨ ਦੀ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਗੁਰੂਹਰਸਹਾਏ ਅੰਦਰ ਫਾਇਰ ਬ੍ਰਿਗੇਡ ਦੀ ਘਾਟ ਹੋਣ ਕਾਰਨ ਪਹਿਲਾਂ ਵੀ ਅਜਿਹੀਆਂ ਘਟਨਾਵਾਂ 'ਚ ਵੱਡੇ ਨੁਕਸਾਨ ਹੋ ਚੁੱਕੇ ਹਨ। ਇਲਾਕਾ ਨਿਵਾਸੀਆਂ ਮੰਗ ਕੀਤੀ ਕਿ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਸਹੂਲਤ ਦਿੱਤੀ ਜਾਵੇ ਤਾਂ ਅਜਿਹੀਆਂ ਘਟਨਾਵਾਂ 'ਤੇ ਜਲਦ ਕਾਬੂ ਪਾ ਕੇ ਜ਼ਿਆਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ।