ਚਰਚ ਨੂੰ ਅਗਨ ਭੇਂਟ ਕਰਨ ਦੇ ਰੋਹ ਵਜੋਂ ਕ੍ਰਿਸਚਿਅਨ ਭਾਈਚਾਰੇ ਕੀਤਾ ਰੋਸ ਮੁਜ਼ਾਹਰਾ
ਮੁਲਜ਼ਮਾਂ ਨੂੰ ਤੁਰੰਤ ਕਾਬੂ ਕਰਕੇ ਕਾਰਵਾਈ ਦੀ ਕੀਤੀ ਮੰਗ
ਫਿਰੋਜ਼ਪੁਰ 9 ਫਰਵਰੀ (ਏ.ਸੀ.ਚਾਵਲਾ) ਦੇਸ਼ ਦੀ ਰਾਜਧਾਨੀ ਵਿਚ ਧਾਰਮਿਕ ਸਥਾਨ ਚਰਚ ਨੂੰ ਅਗਨ ਭੇਂਟ ਕੀਤੇ ਜਾਣ ਦੇ ਰੋਸ ਵਜੋਂ ਅੱਜ ਕ੍ਰਿਸਚਿਅਨ ਭਾਈਚਾਰੇ ਦੇ ਲੋਕਾਂ ਵੱਲੋਂ ਫ਼ਿਰੋਜ਼ਪੁਰ-ਚੰਡੀਗੜ• ਮਾਰਗ 'ਤੇ ਜਾਮ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਰੋਹ ਵਿਚ ਆਏ ਮੁਜ਼ਾਹਰਾਕਾਰੀਆਂ ਨੇ ਜਿਥੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ, ਉਥੇ ਇਸ ਲਈ ਸਿੱਧੀ ਜਿੰਮੇਵਾਰੀ ਕੇਂਦਰ ਦੀ ਭਾਜਪਾ ਸਰਕਾਰ 'ਤੇ ਪਾਉਂਦਿਆਂ ਤੁਰੰਤ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ। ਫ਼ਿਰੋਜ਼ਪੁਰ-ਚੰਡੀਗੜ• ਮਾਰਗ 'ਤੇ ਚੁੰਗੀ ਨੰਬਰ 7 ਕੋਲ ਮੁਜ਼ਾਹਰਾ ਕਰ ਰਹੇ ਕ੍ਰਿਸਚਿਅਨ ਭਾਈਚਾਰੇ ਨੇ ਕਿਹਾ ਕਿ ਆਜ਼ਾਦ ਭਾਰਤ ਵਿਚ ਹਰੇਕ ਧਰਮ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ, ਪ੍ਰੰਤੂ ਜੇਕਰ ਫਿਰਕਾ-ਪ੍ਰਸਤੀ ਦੀ ਸੋਚ ਨਾਲ ਇਸ ਤਰ•ਾਂ ਧਾਰਮਿਕ ਸਥਾਨ ਨੂੰ ਨਿਸ਼ਾਨ ਬਣਾਇਆ ਜਾਂਦਾ ਹੈ ਤਾਂ ਹਾਲਾਤ ਕਦੇ ਵੀ ਵਿਗੜ ਸਕਦੇ ਹਨ। ਦਿੱਲੀ ਵਿਖੇ ਚਰਚ ਨੂੰ ਅਗਨ ਭੇਂਟ ਕਰਨ ਤੋਂ ਰੋਹ ਵਿਚ ਆਏ ਕ੍ਰਿਸਚਿਅਨ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਇਕੱਤਰ ਹੋ ਕੇ ਫ਼ਿਰੋਜ਼ਪੁਰ ਦੀ ਚੁੰਗੀ ਨੰ: 7 ਕੋਲ ਸੜਕ ਜਾਮ ਕਰਕੇ ਆਪਣੇ ਰੋਹ ਦਾ ਇਜ਼ਹਾਰ ਕੀਤਾ। ਮੁਜ਼ਾਹਰਾਕਾਰੀਆਂ ਕਿਹਾ ਕਿ ਕ੍ਰਿਸਚਿਅਨ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਮਾੜੇ ਅਨਸਰਾਂ ਵੱਲੋਂ ਕੀਤੇ ਇਸ ਘੌਰ-ਅਪਰਾਧ ਲਈ ਜਿੰਮੇਵਾਰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਜਾਵਾਂ ਦਿੱਤੀਆਂ ਜਾਣ ਤਾਂ ਜ਼ੋ ਕੋਈ ਹੋਰ ਇਸ ਤਰ•ਾਂ ਦੀ ਕਾਰਵਾਈ ਬਾਰੇ ਸੋਚ ਵੀ ਨਾ ਸਕੇ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਆਜ਼ਾਦ ਭਾਰਤ ਵਿਚ ਹਰੇਕ ਧਰਮ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹੋਏ ਹਨ, ਜੇਕਰ ਇਸ ਤਰ•ਾਂ ਕ੍ਰਿਸਚਿਅਨ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਮੁਲਜ਼ਮਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਦੇਸ਼ ਦੇ ਹਾਲਾਤ ਕਦੇ ਵੀ ਖਰਾਬ ਹੋ ਸਕਦੇ ਹਨ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਐਸ.ਐਸ.ਪੀ ਫ਼ਿਰੋਜ਼ਪੁਰ, ਐਡੀਸ਼ਨਲ ਡਿਪਟੀ ਕਮਿਸ਼ਨਰ, ਪੁਲਿਸ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ।