ਕੋਵਿਡ19 ਦੀਆਂ ਸਾਵਧਾਨੀਆਂ ਨੂੰ ਧਿਆਨ ਵਿਚ ਰੱਖ ਕੇ ਦਿਵਿਆਂਗਾਂ ਨੂੰ ਵਿਸ਼ੇਸ਼ ਉਪਕਰਨ ਵੰਡਣ ਲਈ ਲਗਾਇਆ ਕੈਂਪ, ਵੀਡੀਓ ਲਿੰਕ ਰਾਹੀਂ ਕੇਂਦਰ
ਕੈਂਪ ਦੌਰਾਨ 95 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ 166 ਉਪਕਰਨ ਵੰਡੇ, 20 ਜੂਨ ਤੱਕ ਫਿਰੋਜ਼ਪੁਰ ਜ਼ਿਲ੍ਹੇ ਦੇ 962 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ
ਫਿਰੋਜ਼ਪੁਰ 15 ਜੂਨ 2020 ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ, ਦਿਵਿਆਂਗਜਨ ਵਿਭਾਗ ਵੱਲੋਂ ਏਡਿਪ ਯੋਜਨਾ ਤਹਿਤ ਹੁਣ ਤੱਕ ਪੂਰੇ ਭਾਰਤ ਵਿਚ 9146 ਕੈਂਪ ਲਗਾ ਕੇ 992.81 ਕਰੋੜ ਰੁਪਏ ਦੇ 16 ਲੱਖ 31 ਹਜ਼ਾਰ ਉਪਕਰਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਮੁਫ਼ਤ ਦਿੱਤੇ ਗਏ ਹਨ। ਇਹ ਜਾਣਕਾਰੀ ਕੇਂਦਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰੀ ਥਾਵੁਰ ਚੰਦ ਗਹਿਲੋਤ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਭਾਈ ਵਿਖੇ ਲਗਾਏ ਗਏ ਪਹਿਲੇ ਵਰਚੂਅਲ ਉਪਕਰਨ ਵੰਡ ਕੈਂਪ ਦਾ ਦਿੱਲੀ ਬੈਠੇ ਵੀਡੀਓ ਲਿੰਕ ਰਾਹੀਂ ਉਦਘਾਟਨ ਕਰਦਿਆਂ ਦਿੱਤੀ। ਕੇਂਦਰੀ ਮੰਤਰੀ ਸ਼੍ਰੀ ਥਾਵਰ ਚੰਦ ਗਿਹਲੋਤ ਨੇ ਆਪਣੇ ਲਾਈਵ ਵੀਡੀਓ ਰਾਹੀਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਭਾਗ ਵੱਲੋਂ ਕੈਂਪ ਲਗਾ ਕੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਵੰਡੇ ਜਾਂਦੇ ਹਨ। ਪਰ ਕੋਵਿਡ19 ਦੀ ਸਥਿਤੀ ਹੋਣ ਕਰ ਕੇ ਕੁੱਝ ਦੇਰ ਲਈ ਇਹ ਕੈਂਪ ਬੰਦ ਕੀਤੇ ਗਏ ਸੀ ਅਤੇ ਹੁਣ ਇੱਕ ਵੱਖਰੀ ਪਾਲਿਸੀ ਤਿਆਰ ਕਰ ਕੇ ਜਿਸ ਵਿਚ ਕੋਵਿਡ19 ਦੀਆਂ ਸਾਵਧਾਨੀਆਂ ਨੂੰ ਵਰਤ ਕੇ ਸੋਮਵਾਰ ਨੂੰ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਇਹ ਕੈਂਪ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਅੱਜ 95 ਵਿਸ਼ੇਸ਼ ਲੋੜ੍ਹਾ ਵਾਲੇ ਵਿਅਕਤੀਆਂ ਨੂੰ ਕੁੱਲ 166 ਉਪਕਰਨ ਵੰਡੇ ਗਏ ਹਨ ਅਤੇ ਇਸ ਕੈਂਪ ਵਿਚ ਸੋਸ਼ਲ ਡਿਸਟੈਂਸਿਗ ਅਤੇ ਹੋਰ ਸਾਵਧਾਨੀਆਂ ਦਾ ਧਿਆਨ ਰੱਖ ਕੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ, ਦਿਵਿਆਂਗਜਨ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਵੱਖ ਵੱਖ ਸਕੀਮਾਂ ਤਹਿਤ ਲਾਭ ਦਿੱਤੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਿਵਿਆਂਗਾ ਨੂੰ ਲਾਭ ਦੇਣ ਲਈ ਉਨ੍ਹਾਂ ਦੀ ਸਹੂਲਤ ਲਈ ਯੂਨੀਕ ਆਈਡੀ ਕਾਰਡ ਦੀ ਯੋਜਨਾ ਵੀ ਬਣਾਈ ਗਈ ਹੈ, ਜਿਸ ਤਹਿਤ ਹੁੱਣ ਤੱਕ 31 ਲੱਖ ਦਿਵਿਆਂਗ ਵਿਅਕਤੀਆਂ ਦੇ ਯੂਨੀਕ ਆਈਡੀ ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਯੂਨੀਕ ਆਈਡੀ ਕਾਰਡ ਪੂਰੇ ਭਾਰਤ ਵਿੱਚ ਵੈਲਿਡ ਹਨ ਅਤੇ ਕੋਈ ਵੀ ਦਿਵਿਆਂਗ ਵਿਅਕਤੀ ਪੂਰੇ ਭਾਰਤ ਵਿਚ ਕਿਤੇ ਵੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਲੈ ਸਕਦਾ ਹੈ।
ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀਮਤੀ ਸਤਕਾਰ ਕੌਰ ਗਹਿਰੀ ਨੇ ਕਿਹਾ ਕਿ ਕੋਵਿਡ19 ਦੀ ਸਥਿਤੀ ਹੋਣ ਦੇ ਬਾਵਜੂਦ ਸਮਾਜਿਕ ਨਿਆਂ ਅਤੇ ਅਧਿਕਾਰਤਾਂ ਮੰਤਰਾਲਾ, ਦਿਵਿਆਂਗਜਨ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਏਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਾਂ ਨੂੰ ਮੁਫ਼ਤ ਉਪਕਰਨ ਵੰਡ ਕੈਂਪ ਲਗਾਉਣਾ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਵੀ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਇਨ੍ਹਾਂ ਨੂੰ ਉਪਕਰਨ ਵੰਡ ਕੇ ਉਨ੍ਹਾਂ ਨੂੰ ਅੱਜ ਇੱਕ ਵੱਖਰੀ ਖ਼ੁਸ਼ੀ ਮਿਲੀ ਹੈ। ਇਸ ਮੌਕੇ ਉਨ੍ਹਾਂ ਕੇਂਦਰੀ ਮੰਤਰੀ ਥਾਵੁਰ ਚੰਦ ਗਹਿਲੋਤ ਨੂੰ ਮੰਗ ਕੀਤੀ ਕਿ ਮੋਟਰਾਈਜ਼ ਟਰਾਈਸਾਈਕਲ ਜੋ ਕਿ 80 ਫ਼ੀਸਦੀ ਦਿਵਿਆਂਗ ਵਿਅਕਤੀ ਨੂੰ ਦਿੱਤੀ ਜਾਂਦੀ ਹੈ ਇਹ ਪ੍ਰਤੀਸ਼ਤਤਾ ਘਟਾਈ ਜਾਵੇ ਤੇ ਮੋਟਰਾਈਜ਼ਡ ਟਰਾਈਸਾਈਕਲ 50 ਫ਼ੀਸਦੀ ਦਿਵਿਆਂਗ ਵਿਅਕਤੀ ਨੂੰ ਦਿੱਤੀ ਜਾਵੇ ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 962 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਦੇਣ ਵਾਸਤੇ ਸ਼ਨਾਖ਼ਤ ਕੀਤੀ ਗਈ ਸੀ ਅਤੇ ਇਨ੍ਹਾਂ ਵਿਅਕਤੀਆਂ ਨੂੰ ਵੱਖ ਵੱਖ ਗਰੁੱਪ ਬਣਾ ਕੇ 15 ਜੂਨ ਤੋਂ 20 ਜੂਨ ਤੱਕ ਕੈਂਪ ਲਗਾ ਕੇ ਉਪਕਰਨ ਵੰਡੇ ਜਾਣੇ ਹਨ। ਜਿਨ੍ਹਾਂ ਵਿਚੋਂ ਅੱਜ 95 ਵਿਅਕਤੀਆਂ ਨੂੰ 166 ਉਪਕਰਨ ਵੰਡ ਦਿੱਤੇ ਗਏ ਹਨ। ਜਿਸ ਵਿਚ 11 ਮੋਟਰਾਈਜ਼ਡ ਟਰਾਈਸਾਈਕਲ, 19 ਤਿਪਹਈਆ ਸਾਈਕਲ, 21 ਵਹੀਲਚੇਅਰ, 04 ਸੀਪੀ ਚੇਅਰ, 18 ਕੰਨਾਂ ਦੀਆਂ ਮਸ਼ੀਨਾਂ, 32 ਵਸਾਖੀਆਂ, 15 ਛੜੀਆਂ, 03 ਰੋਲੇਟਰ, 12 ਮੰਦਬੁੱਧੀ ਕਿੱਟਾਂ, 14 ਸਮਾਰਟ ਕੈਨ, 01 ਡੇਜੀ ਪਲੇਅਰ, 12 ਸਮਾਰਟ ਫ਼ੋਨ, 01 ਕੈਲੀਪਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੋਵਿਡ19 ਦੀਆਂ ਸਾਰੀਆਂ ਸਾਵਧਾਨੀਆਂ ਜਿਵੇਂ ਕਿ ਸੋਸ਼ਲ ਡਿਸਟੈਂਸਿੰਗ, ਮਾਸਕ, ਸੈਨੀਟਾਈਜ਼ਰ ਦੀ ਵਰਤੋਂ ਆਦਿ ਕਰ ਕੇ ਹੀ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਵੀਡੀਓ ਲਿੰਕ ਰਾਹੀਂ ਵਿਭਾਗ ਦੀ ਸਚਿਵ ਸ਼੍ਰੀਮਤੀ ਸ਼ਕੁੰਤਲਾ, ਪ੍ਰਮੋਦ ਸੇਠ ਅਤੇ ਏਲਿਮਕੋ ਦੇ ਸੀਈਓ ਦੀਯਾ ਸਰੀਨ ਸਮੇਤ ਮੌਕੇ ਤੇ ਐਸਡੀਐਮ ਅਮਿੱਤ ਗੁਪਤਾ, ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਵੀ ਹਾਜ਼ਰ ਸਨ।