ਪੰਜਾਬ ਸਰਕਾਰ ਦੀ 300 ਯੂਨਿਟ ਫਰੀ ਬਿਜਲੀ ਦਾ ਵੱਡੀ ਪੱਧਰ ਤੇ ਖਪਤਕਾਰਾਂ ਨੂੰ ਹੋਇਆ ਲਾਭ: ਭੁੱਲਰ
ਜ਼ਿਲ੍ਹੇ ਅੰਦਰ 66 ਫੀਸਦੀ ਤੋਂ ਵਧੇਰੇ ਲੋਕਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ
ਪੰਜਾਬ ਸਰਕਾਰ ਦੀ 300 ਯੂਨਿਟ ਫਰੀ ਬਿਜਲੀ ਦਾ ਵੱਡੀ ਪੱਧਰ ਤੇ ਖਪਤਕਾਰਾਂ ਨੂੰ ਹੋਇਆ ਲਾਭ: ਭੁੱਲਰ
ਜ਼ਿਲ੍ਹੇ ਅੰਦਰ 66 ਫੀਸਦੀ ਤੋਂ ਵਧੇਰੇ ਲੋਕਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ
2 ਲੱਖ 22 ਹਜ਼ਾਰ 903 ਘਰਾਂ ਨੂੰ ਜਾਰੀ ਕੀਤੇ ਬਿਜਲੀ ਬਿੱਲਾਂ ਵਿੱਚੋਂ 1 ਲੱਖ 48 ਹਜ਼ਾਰ 825 ਘਰਾਂ ਨੂੰ ਜ਼ੀਰੋ ਬਿੱਲ ਹੋਇਆ ਪ੍ਰਾਪਤ
ਫਿਰੋਜ਼ਪੁਰ, 16 ਜਨਵਰੀ 2023:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਏ ਗਏ ਲੋਕ ਹਿੱਤ ਫੈਸਲਿਆਂ ਤਹਿਤ ਰਾਜ ਦੇ ਵਸਨੀਕਾਂ ਨੂੰ ਦਿੱਤੀ ਜਾਂਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਘਰੇਲੂ ਖਪਤਕਾਰਾਂ ਨੂੰ ਲਾਭ ਮਿਲ ਰਿਹਾ ਹੈ। ਇਹ ਜਾਣਕਾਰੀ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਦਿੱਤੀ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਰਾਜ ਦੇ ਲੋਕਾਂ ਦੀ ਭਲਾਈ ਲਈ ਵੱਡੇ ਪੱਧਰ ਤੇ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ, ਇਸੇ ਲੜੀ ਤਹਿਤ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਜ਼ਿਲ੍ਹੇ ਅੰਦਰ ਪਹਿਲੀ ਵਾਰ 66 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ ਜੋ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਤੇ ਲੋਕ ਹਿੱਤ ਵਿੱਚ ਲਿਆ ਗਿਆ ਫੈਸਲਾ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਬਾਕੀ ਜ਼ਿਲ੍ਹਿਆਂ ਵਾਂਗ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਵੀ 66 ਫੀਸਦੀ ਤੋਂ ਵਧੇਰੇ ਘਰਾਂ ਨੂੰ ਜ਼ੀਰੋ ਬਿਜਲੀ ਬਿਲ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਾਪਤ ਜ਼ਿਲ੍ਹੇ ਦੀ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਦਸੰਬਰ 2022 ਦੌਰਾਨ 2 ਲੱਖ 22 ਹਜ਼ਾਰ 903 ਬਿਜਲੀ ਬਿੱਲ ਵੱਖ-ਵੱਖ ਘਰਾਂ ਨੂੰ ਜਾਰੀ ਕੀਤੇ ਗਏ ਜਿਸ ਵਿੱਚੋਂ 1 ਲੱਖ 48 ਹਜ਼ਾਰ 825 ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ, ਜੋ ਕਿ ਕੁੱਲ ਬਿਲਾਂ ਦਾ 66.77 ਫੀਸਦੀ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਡਵੀਜ਼ਨ ਫਿਰੋਜ਼ਪੁਰ ਸ਼ਹਿਰ ਅੰਦਰ ਪੈਂਦੇ ਸਬ-ਡਵੀਜ਼ਨ ਫਿਰੋਜ਼ਪੁਰ ਛਾਉਣੀ ਨੰਬਰ 2, ਫਿਰੋਜ਼ਪੁਰ ਸ਼ਹਿਰ, ਫਿਰੋਜ਼ਸ਼ਾਹ, ਸ਼ੇਰਖਾਂ ਅਤੇ ਮੁੱਦਕੀ ਵਿਖੇ ਕੁੱਲ 64731 ਬਿਜਲੀ ਦੇ ਬਿਲ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚੋਂ 50539 ਘਰਾਂ ਨੂੰ ਜ਼ੀਰੋ ਰਕਮ ਦੇ ਬਿਲ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਡਵੀਜ਼ਨ ਫਿਰੋਜ਼ੁਪਰ ਰੂਰਲ ਅਧੀਨ 55139 ਬਿਲ ਜਾਰੀ ਕੀਤੇ ਗਏ ਅਤੇ 35567 ਘਰਾਂ ਨੂੰ ਜ਼ੀਰੋ ਬਿਲ ਆਇਆ। ਉਨ੍ਹਾਂ ਦੱਸਿਆ ਕਿ ਡਵੀਜ਼ਨ ਜਲਾਲਾਬਾਦ ਅਧੀਨ ਪੈਂਦੀਆਂ ਸਬ ਡਵੀਜ਼ਨ ਗੁਰੂਹਰਸਹਾਏ ਵਿਖੇ 35309 ਬਿਜਲੀ ਬਿਲ ਜਾਰੀ ਕੀਤੇ ਅਤੇ 30168 ਘਰਾਂ ਦੇ ਜ਼ੀਰੋ ਰਕਮ ਦੇ ਬਿਲ ਆਏ। ਡਵੀਜ਼ਨ ਜ਼ੀਰਾ ਅਧੀਨ 67724 ਬਿਲਾਂ ਵਿੱਚੋਂ 32551 ਘਰਾਂ ਨੂੰ ਜ਼ੀਰੋ ਬਿਲ ਪ੍ਰਾਪਤ ਹੋਏ ਹਨ।