Ferozepur News
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ
ਫਿਰੋਜ਼ਪੁਰ 04 ਜੂਨ, 2022 : ਅੱਜ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਵੱਲੋਂ ਪ੍ਰਾਪਤ ਹੋਏ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੇ ਦਿਸ਼ਾ ਨਿਰਦੇਸ਼ਾਂ ਦ ਪਾਲਣਾ ਕਰਦੇ ਹੋਏ ਮਿਸ ਏਕਤਾ ਉੱਪਲ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ ।
ਇਸ ਦੇ ਸਬੰਧ ਵਿੱਚ ਜੱਜ ਸਾਹਿਬ ਵੱਲੋਂ ਅੱਜ ਬ੍ਰਹਮ ਕੁਮਾਰੀ ਆਸ਼ਰਮ ਤਲਵੰਡੀ ਭਾਈ ਅਤੇ ਗਊ ਮਾਤਾ ਸਮਾਧੀ ਮੰਦਿਰ ਤਲਵੰਡੀ ਭਾਈ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਜੱਜ ਸਾਹਿਬ ਵੱਲੋਂ ਇਨ੍ਹਾਂ ਸੰਸਥਾਵਾਂ ਦਾ ਦੌਰਾ ਕੀਤਾ ਗਿਆ । ਇਸ ਸਮੇਂ ਕਾਲਜ ਦੇ ਇੰਚਾਰਜ ਸ਼੍ਰੀ ਬਖਤਾਵਰ ਲਾਲ ਪਸਰੀਚਾ ਜ਼ਿਲ੍ਹਾ ਫਿਰੋਜ਼ਪੁਰ ਐੱਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ਅਤੇ ਬ੍ਰਹਮ ਕੁਮਾਰੀ ਆਸ਼ਰਮ ਤੇ ਮੁਖੀ ਸ਼੍ਰੀਮਤੀ ਬੀ. ਕੇ. ਜੀਆਂ ਵੱਲੋਂ ਇਸ ਦਿਵਸ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ ।
ਇਸ ਮੌਕੇ ਜੱਜ ਸਾਹਿਬ ਨੇ ਦੱਸਿਆ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬਿਲਕੁਲ ਬੈਨ ਹੈ ਪਰ ਇਸ ਦੇ ਬਾਵਜੂਦ ਵੀ ਇਹ ਲਗਾਤਾਰ ਵਰਤੋਂ ਵਿੱਚ ਹਨ ਜ਼ੋ ਕਿ ਵਰਤੋਂ ਤੋਂ ਬਾਅਦ ਆਮ ਸੁੱਟ ਦਿੱਤੇ ਜਾਂਦੇ ਹਨ । ਇਸ ਦੀ ਜਗ੍ਹਾ ਘਰੇਲੂ ਕੱਪੜੇ ਜਾਂ ਜੂਟ ਦੇ ਬਣੇ ਥੈਲਿਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ । ਬਿਜਲੀ ਅਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨੀ ਚਾਹੀਦੀ ਹੈ । ਇਸ ਦੇ ਨਾਲ ਨਾਲ ਰੁੱਖਾਂ ਦੀ ਲਗਾਤਾਰ ਕਟਾਈ ਹੋਣ ਨਾਲ ਕੁਦਰਤ ਵੀ ਕਰੋਪਵਾਨ ਹੋਈ ਪਈ ਹੈ । ਇਸ ਲਈ ਵੱਧ ਤੋਂ ਵੱਧ ਦਰਖਤ ਲਗਾਏ ਜਾਣੇ ਚਾਹੀਦੇ ਹਨ ਤਾਂ ਕਿ ਵਾਤਾਵਰਣ ਵਿੱਚ ਵਧ ਰਹੀ ਗਰਮੀ ਨੂੰ ਰੋਕਿਆ ਜਾ ਸਕੇ । ਰੁੱਖਾਂ ਦੀ ਵੱਧ ਰਹੀ ਕਟਾਈ ਕਾਰਨ ਬਾਰਿਸ਼ਾਂ ਹੋਣੋਂ ਵੀ ਲਗਭਗ ਬੰਦ ਹੋ ਗਈਆਂ ਹਨ ਜਿਸ ਕਰਕੇ ਫਸਲਾਂ ਦੇ ਝਾੜ ਵਿੱਚ ਭਾਰੀ ਗਿਰਾਵਟ ਆਈ ਹੈ । ਇਸ ਦੇ ਨਾਲ ਨਾਲ ਆਕਸੀਜਨ ਦਾ ਪੱਧਰ ਵੀ ਬਹੁਤ ਖਤਰਨਾਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ । ਸੋ ਕ੍ਰਿਪਾ ਕਰਕੇ ਵਾਤਾਵਰਣ ਦਿਵਸ ਸਿਰਫ ਇੱਕ ਦਿਨ ਲਈ ਹੀ ਨਾ ਮਨਾਇਆ ਜਾਵੇ । ਸਗੋਂ ਵੱਧ ਤੋਂ ਵੱਧ ਦਰਖਤ ਲਗਾ ਕੇ ਇਨ੍ਹਾਂ ਨੂੰ ਪਾਲਿਆ ਜਾਵੇ ਤਾਂ ਜ਼ੋ ਕੁਦਰਤ ਨੂੰ ਕਰੋਪਵਾਨ ਹੋਣ ਤੋਂ ਰੋਕਿਆ ਜਾ ਸਕੇ । ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਅੱਜ ਦੇ ਪ੍ਰਦੂੂੂੂਸ਼ਣ ਭਰੇ ਮਾਹੌਲ ਵਿੱਚ ਦਰਖਤਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ । ਨਵ ਨਿਰਮਾਣ ਅਤੇ ਚੌੜੀਆਂ ਸੜਕਾਂ ਦੇ ਮੱਦੇਨਜ਼ਰ ਦਰਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ ਜਿਸ ਕਰਕੇ ਕੁਦਰਤ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ । ਸੋ ਇਸ ਵਿਗੜਦੇ ਹੋਏ ਸੰਤੁਲਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁਝ ਨਾ ਕੁਝ ਬਚਾ ਸਕੀਏ ।
ਇਸ ਮੌਕੇ ਜੱਜ ਸਾਹਿਬ ਵੱਲੋਂ ਉਪਰੋਕਤ ਦੱਸੇ ਆਸ਼ਰਮ ਅਤੇ ਮੰਦਿਰ ਵਿਖੇ ਮੌਜੂਦ ਵਿਅਕਤੀਆਂ ਨੂੰ 50-50 ਬੂਟੇ ਵੰਡੇ ਗਏ । ਇਸ ਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ 60 ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਆਪਣੇ ਆਪਣੇ ਪਿੰਡਾਂ ਅਤੇ ਹੋਰ ਰਿਹਾਇਸ਼ੀ ਇਲਾਕਿਆਂ ਵਿੱਚ ਜੱਜ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੇਂ ਬੂਟੇ ਲਗਾ ਕੇ ਅਤੇ ਇਨ੍ਹਾਂ ਦਾ ਪਾਲਣ ਪੋਸ਼ਣ ਦਾ ਵਚਨ ਲੈ ਕੇ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੇ ਹਾਜ਼ਰ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ!
—