ਡਿਪਟੀ ਕਮਿਸ਼ਨਰ ਨੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਮੋਕ ਡਰਿਲ ਕਰਵਾਈ
ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿਚ ਕਰੋਨਾ ਵਾਇਰਸ ਸਬੰਧੀ ਮੈਡੀਕਲ ਸਹੂਲਤਾਂ ਉਪਲੱਬਧ ਹਨ, ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ - ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਮੋਕ ਡਰਿਲ ਕਰਵਾਈ
ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿਚ ਕਰੋਨਾ ਵਾਇਰਸ ਸਬੰਧੀ ਮੈਡੀਕਲ ਸਹੂਲਤਾਂ ਉਪਲੱਬਧ ਹਨ, ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ – ਡਿਪਟੀ ਕਮਿਸ਼ਨਰ
ਫਿਰੋਜ਼ਪੁਰ 12 ਮਾਰਚ 2020 ( ) ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਦਾ ਰਿਵਿਊ ਕਰਨ ਲਈ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਵੱਲੋਂ ਇਸ ਸਬੰਧੀ ਮੌਕ ਡਰਿਲ ਕਰਵਾਈ ਗਈ। ਇਸ ਦੌਰਾਨ ਪਹਿਲਾਂ ਕੰਟਰੋਲ ਰੂਮ ਤੇ ਫ਼ੋਨ ਕਰਕੇ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਜਾਣਕਾਰੀ ਦਿੱਤੀ ਗਈ ਅਤੇ ਜਾਣਕਾਰੀ ਮਿਲਦਿਆਂ ਹੀ ਸਿਹਤ ਵਿਭਾਗ ਦੀ ਟੀਮ ਐਂਬੂਲੈਂਸ ਵਿਚ ਮਰੀਜ਼ ਦੇ ਦੱਸੇ ਟਿਕਾਣੇ ਤੇ ਪਹੁੰਚੀ। ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਰੀਜ਼ ਤੋਂ ਬਿਮਾਰੀ ਦੇ ਲੱਛਣ, ਉਸ ਦੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਆਦਿ ਸਬੰਧੀ ਲੋੜੀਂਦੀ ਜਾਣਕਾਰੀ ਲੈਣ ਉਪਰੰਤ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚ ਕੇ ਮਾਹਿਰ ਡਾਕਟਰ ਵੱਲੋਂ ਮਰੀਜ਼ ਦਾ ਚੈੱਕਅਪ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਇੱਕ ਮੌਕ ਡਰਿਲ ਸੀ, ਜਿਸ ਵਿਚ ਜੇਕਰ ਜ਼ਿਲ੍ਹੇ ਵਿਚ ਕੋਈ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੁੰਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਉਸ ਸਬੰਧੀ ਪ੍ਰੈਕਟੀਕਲ ਕਰਕੇ ਦੇਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੋਈ ਵੀ ਕਰੋਨਾ ਵਾਇਰਸ ਦਾ ਮਰੀਜ਼ ਨਹੀਂ ਹੈ ਤੇ ਕਿਸੇ ਨੂੰ ਵੀ ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਬਲਕਿ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਹਸਪਤਾਲਾਂ ਵਿਚ ਕਰੋਨਾ ਵਾਇਰਸ ਸਬੰਧੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਈਸੋਲੇਸ਼ਨ ਵਾਰਡ ਪਹਿਲਾਂ ਹੀ ਸਥਾਪਿਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਲਗਾਤਾਰ ਸਿਹਤ ਵਿਭਾਗ ਵੱਲੋਂ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਇਰਸ ਸਬੰਧੀ ਕੁੱਝ ਸਾਵਧਾਨੀਆਂ ਜ਼ਰੂਰ ਵਰਤਣ ਜਿਵੇਂ ਕਿ ਕਿਤੇ ਵੀ ਭਾਰੀ ਇਕੱਠ ਵਿਚ ਨਾ ਜਾਣ, ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਪਣੇ ਹੱਥ ਨੂੰ ਪਾਣੀ ਜਾਂ ਸਾਬਣ ਨਾਲ ਧੋਣ, ਛਿੱਕਦੇ, ਖੰਘਦੇ ਆਪਣੇ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖੋ, ਬੱਸਾਂ/ਗੱਡੀਆਂ ਵਿਚ ਰੇਲਿੰਗ ਨੂੰ ਹੱਥ ਨਾ ਲਗਾਉਣ ਜੇਕਰ ਲਗਾਉਂਦੇ ਹਨ ਤਾਂ ਆਪਣੇ ਹੱਥਾਂ ਨੂੰ ਅੱਖ, ਨੱਕ ਜਾਂ ਮੂੰਹ ਤੇ ਨਾ ਲਗਾਵੋ ਤੇ ਤੁਰੰਤ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੋਵੋ।
ਇਸ ਮੌਕੇ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਕੋਈ ਵੀ ਮਰੀਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਗਏ ਹਨ। ਹਰ ਹਸਪਤਾਲ ਵਿਚ ਵੱਖਰੇ ਵਾਰਡ ਅਤੇ ਡਾਕਟਰ ਦੀਆਂ ਟੀਮਾਂ ਤੈਨਾਤ ਹਨ। ਉਨ੍ਹਾਂ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਇਸ ਸਬੰਧੀ ਜਾਰੀ ਸਾਵਧਾਨੀਆਂ ਨੂੰ ਅਪਣਾਉਣ।