Ferozepur News
8 ਸਾਲਾਂ ਤੋਂ ਫਿਰੋਜ਼ਪੁਰ ਵਿੱਖੇ ਬਣਨ ਵਾਲੇ ਪੀਜੀਆਈ ਸੈੱਟਲਾਈਟ ਸੈਂਟਰ ਤੇ ਭਖੀ ਫਿਰ ਸਿਆਸਤ
2013 ਵਿੱਚ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਮਨਜ਼ੂਰ ਹੋਇਆ ਸੀ ਪੀਜੀਆਈ ਸੈੱਟਲਾਈਟ ਸੈਂਟਰ

8 ਸਾਲਾਂ ਤੋਂ ਫਿਰੋਜ਼ਪੁਰ ਵਿੱਖੇ ਬਣਨ ਵਾਲੇ ਪੀਜੀਆਈ ਸੈੱਟਲਾਈਟ ਸੈਂਟਰ ਤੇ ਭਖੀ ਫਿਰ ਸਿਆਸਤ ,
ਹੁਣ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਂਟਰੀ ਪੀਜੀਆਈ ਸੈੱਟਲਾਈਟ ਸੈਂਟਰ ਦਾ ਰੱਖਣਗੇ ਨੀਂਹ ਪੱਥਰ
2013 ਵਿੱਚ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਮਨਜ਼ੂਰ ਹੋਇਆ ਸੀ ਪੀਜੀਆਈ ਸੈੱਟਲਾਈਟ ਸੈਂਟਰ
7 ਸਾਲ ਸਰਕਾਰ ਵਿੱਚ ਰਹਿਣ ਤੋਂ ਬਾਅਦ ਆਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ
ਫਿਰੋਜ਼ਪੁਰ 28 ਦਸੰਬਰ 2021 — ਫਿਰੋਜਪੁਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ ਪੰਜ ਜਨਵਰੀ ਨੂੰ ਸ਼ਹੀਦਾਂ ਦੀ ਧਰਤੀ ਫਿਰੋਜਪੁਰ ਵਿਖੇ ਆ ਰਹੇ ਹਨ।ਇਸ ਦੌਰਾਨ ਉਹ ਪੀਜੀਆਈ ਸੈੱਟਲਾਈਟ ਦਾ ਨੀਂਹ ਪੱਥਰ ਵੀ ਰੱਖਣਗੇ।ਇਸਦੇ ਨਾਲ ਹੀ ਪੰਜਾਬ ਵਾਸੀਆਂ ਨੂੰ ਉਮੀਦ ਹੈ ਕਿ, ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਪੰਜਾਬ ਫੇਰੀ ਤੇ ਆਕੇ ਕਈ ਵੱਡੇ ਐਲਾਨ ਕਰ ਸਕਦੇ ਹਨ।ਇਸਤੇ ਪ੍ਰਤੀਕਰਮ ਦਿੰਦੇ ਹੋਏ ਹਲਕਾ ਫਿਰੋਜਪੁਰ ਸ਼ਹਿਰੀ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਸ਼ਹਿਨਸ਼ਾਹ ਫਕੀਰ ਆਦਮੀ ਹਨ ਇਸ ਲਈ ਜਦੋਂ ਉਹ ਫਿਰੋਜਪੁਰ ਦੀ ਧਰਤੀ ਤੇ ਆਉਣਗੇ ਤਾਂ ਇਸਨੂੰ ਸਮਾਰਟ ਸਿਟੀ ਦਾ ਐਲਾਨ ਵੀ ਕਰਕੇ ਫਿਰੋਜਪੁਰ ਵਾਸੀਆਂ ਨੂੰ ਤੋਹਫ਼ੇ ਵਜੋਂ ਦੇਣ।ਕਿਉਕਿ ਫਿਰੋਜਪੁਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਮਾਧੀ ਸਥੱਲ ਹਨ।ਜਿਸ ਸਥਾਨ ਦੀ ਮਹੱਤਤਾ ਪੂਰੇ ਵਿਸ਼ਵ ਭਰ ਦੇ ਲੋਕਾਂ ਲਈ ਹੈ।ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਗੁਜਾਰਿਸ਼ ਕੀਤੀ ਕਿ ਪ੍ਰਧਾਨ ਮੰਤਰੀ ਉਨ੍ਹਾਂ ਸ਼ਹੀਦਾਂ ਦੇ ਸਮਾਧੀ ਸਥੱਲ ਤੇ ਜਰੂਰ ਹੋਕੇ ਆਉਣ ਅਤੇ ਵੇਖਣ ਕਿ ਕਿਸ ਤਰ੍ਹਾਂ ਉਸ ਜਗ੍ਹਾ ਤੇ ਲਾਈਟ ਐਂਡ ਸਾਊਂਡ ਸਿਸਟਮ ਲੱਗ ਰਿਹਾ ਹੈ, ਕਿਸ ਤਰ੍ਹਾਂ ਉਸ ਸਥਾਨ ਨੂੰ ਹੋਰ ਖੂਬਸੂਰਤ ਬਣਾਇਆ ਜਾ ਰਿਹਾ ਹੈ।ਇਸਦੇ ਨਾਲ ਹੀ ਉਹਨਾਂ ਜਿਕਰ ਕੀਤਾ ਕਿ ਉਹ ਇਸ ਜਗ੍ਹਾ ਲਈ ਦੇਸ਼ ਭਰ ਦੀਆਂ ਵੱਖ ਵੱਖ 29 ਸਟੇਟਾਂ ਤੋਂ ਮਿੱਟੀ ਮੰਗਵਾਂ ਰਹੇ ਹਨ ਤਾਂ ਜੋ ਇਹ ਮਿੱਟੀ ਸਾਡੀ ਏਕਤਾ ਅਤੇ ਅਖੰਡਤਾ ਦਾ ਪ੍ਰਮਾਣ ਹੋਵੇ।ਜਿਸਦੀ ਕਲਪਨਾ ਸ਼ਹੀਦਾਂ ਨੇ ਸਾਡੇ ਦੇਸ਼ ਲਈ ਕੀਤੀ ਸੀ।ਇਸ ਤੋਂ ਇਲਾਵਾ ਇੱਕ ਰੇਲ ਗੱਡੀ ਦਾ ਨਮੂਨਾ ਵੀ ਤਿਆਰ ਕੀਤਾ ਹੈ, ਜਿਸ ਵਿੱਚ ਬੈਠਕੇ ਲੋਕ ਫਿਰੋਜਪੁਰ ਤੋਂ ਪਾਕਿਸਤਾਨ ਜਾਣ ਵਾਲੀ ਰੇਲ ਦੇ ਸਫ਼ਰ ਦਾ ਆਨੰਦ ਮਾਣ ਸਕਣਗੇ।
ਉਹਨਾਂ ਯਾਦ ਕਰਵਾਉਂਦੇ ਹੋਏ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਮੌਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਪੰਜਾਬ ਲਈ ਚਾਰ ਘਰੇਲੂ ਹਵਾਈ ਅੱਡੇ ਮਨਜੂਰ ਕੀਤੇ ਗਏ ਸਨ, ਜਿੰਨਾ ਵਿੱਚ ਲੁਧਿਆਣਾ, ਜਲੰਧਰ, ਆਦਮਪੁਰ ਅਤੇ ਫਿਰੋਜਪੁਰ ਦਾ ਨਾਮ ਸ਼ਾਮਲ ਸੀ।ਪਰ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਫਿਰੋਜਪੁਰ ਹਵਾਈ ਅੱਡੇ ਦੇ ਨਿਰਮਾਣ ਲਈ ਜਗ੍ਹਾ ਦੀ ਐੱਨ. ਓ. ਸੀ. ਹੀ ਨਹੀਂ ਦਿੱਤੀ।ਜਿਸ ਕਾਰਨ ਇਹ ਹਵਾਈ ਅੱਡਾ ਨਹੀਂ ਬਣ ਸਕਿਆ।ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਫਿਰੋਜਪੁਰ ਫੇਰੀ ਤੇ ਇਸ ਹਵਾਈ ਅੱਡੇ ਦੇ ਅਧੂਰੇ ਸੁਪਨੇ ਨੂੰ ਸਿਰੇ ਚੜਾਉਣ ਤਾਂ ਜੋ ਇਸਦਾ ਲਾਭ ਨਾ ਸਿਰਫ ਫਿਰੋਜਪੁਰ ਦੇ ਲੋਕਾਂ ਨੂੰ ਹੋਵੇਗਾ ਬਲਕਿ ਪੀਜੀਆਈ ਬਣਨ ਤੋਂ ਬਾਅਦ ਹੋਰਨਾਂ ਰਾਜਾਂ ਤੋਂ ਵੀ ਮਰੀਜ਼ ਆਸਾਨੀ ਨਾਲ ਇੱਥੇ ਆ ਸਕਣਗੇ।ਇਸਦੇ ਨਾਲ ਹੀ ਉਹਨਾਂ ਭਾਈ ਘਨਈਆ ਜੀ ਦਾ ਜਿਕਰ ਕਰਦੇ ਹੋਏ ਕਿਹਾ ਅਸੀਂ ਫਿਰੋਜਪੁਰ ਵਾਸੀ ਭਾਈ ਘਨਈਆ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਵਾਲੇ ਲੋਕ ਹਾਂ, ਇਸ ਲਈ ਬਿਨਾ ਕਿਸੇ ਭੇਦ ਭਾਵ ਦੇ ਹਰ ਇੱਕ ਦੀ ਮੱਦਦ ਲਈ ਤਿਆਰ ਰਹਿੰਦੇ ਹਾਂ।ਉਹਨਾਂ ਕਿਹਾ ਕਿ ਸਾਡੇ ਗੁਆਂਢੀ ਮੁਲਖ ਪਾਕਿਸਤਾਨ ਦੇ ਵਿੱਚ ਇਲਾਜ ਦਾ ਬਹੁਤ ਮਾੜਾ ਹਾਲ ਹੈ, ਇਸ ਲਈ ਉਹ ਲੋਕ ਵੀ ਹਵਾਈ ਉਡਾਨਾਂ ਰਾਹੀਂ ਇੱਥੇ ਆਉਣ ਅਤੇ ਆਪਣਾ ਇਲਾਜ ਸਾਡੇ ਪੀਜੀਆਈ ਵਿੱਚੋਂ ਕਰਵਾ ਕੇ ਜਾਣ।
ਪਰਮਿੰਦਰ ਸਿੰਘ ਪਿੰਕੀ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਊ ਮਾਤਾ ਦਾ ਬਹੁਤ ਸਤਿਕਾਰ ਕਰਦੇ ਹਨ ਇਸ ਲਈ ਉਹਨਾਂ ਨੂੰ ਫਿਰੋਜਪੁਰ ਦੀਆਂ ਗਊਸ਼ਾਲਾ ਵਿੱਚ ਵੀ ਜਰੂਰ ਜਾਣਾ ਚਾਹੀਦਾ ਹੈ।ਉਹ ਵੇਖਣਗੇ ਕਿ ਕਿਸ ਤਰ੍ਹਾਂ ਫਿਰੋਜਪੁਰ ਵਾਸੀ ਗਊ ਮਾਤਾ ਦਾ ਸਤਿਕਾਰ ਅਤੇ ਸੇਵਾ ਕਰ ਰਹੇ ਹਨ।ਫਿਰੋਜਪੁਰ ਦੇ ਲੋਕ ਪਾਕਿਸਤਾਨ ਸਰਹੱਦ ਤੇ ਵੱਸੇ ਹੋਏ ਹਨ।ਇਸ ਲਈ ਜਦੋਂ ਵੀ ਤਣਾਅ ਦਾ ਮਾਹੌਲ ਬਣਦਾ ਹੈ, ਇਹ ਲੋਕ ਸੂਰਮਿਆਂ ਵਾਂਗ ਡਟ ਜਾਂਦੇ ਹਨ।ਬੇਸ਼ੱਕ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਹੀ ਕਰਨਾ ਪਵੇ, ਪਰ ਫਿਰ ਵੀ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਇਹ ਲੋਕ ਇੱਕ ਤੇ ਇੱਕ ਗਿਆਰਾਂ ਹੋ ਜਾਂਦੇ ਹਨ।ਇਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹਨ ਕਿ ਫਿਰੋਜਪੁਰ ਨੂੰ ਸਮਾਰਟ ਸਿਟੀ ਦਾ ਦਰਜਾ ਦੇਕੇ ਇੰਨਾ ਲੋਕਾਂ ਨੂੰ ਤੋਹਫ਼ਾ ਦੇਣ।ਇਸਦੇ ਨਾਲ ਹੀ ਉਹਨਾਂ ਸੂਬੇ ਦੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ।ਇੱਥੇ ਵੀ ਹਿਮਾਚਲ ਪ੍ਰਦੇਸ਼ ਵਰਗੇ ਹੋਰਨਾਂ ਰਾਜਾਂ ਵਾਂਗ ਹੀ ਕੇਂਦਰ ਨੂੰ ਆਰਥਿਕ ਪੈਕੇਜ ਦੇਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਅਜਿਹੇ ਰਾਜਾਂ ਵਿੱਚ ਡਿਵੇਲਪਮੈਂਟ ਦੇ ਕੰਮਾਂ ਤੇ ਕੇਂਦਰ ਸਰਕਾਰ 90 ਪੈਸੇ ਖਰਚ ਕਰਦੀ ਹੈ ਜਦਕਿ ਸੂਬਾ ਸਰਕਾਰ 10 ਪੈਸੇ ਦਾ ਯੋਗਦਾਨ ਪਾਉਂਦੀ ਹੈ।ਪਰ ਪੰਜਾਬ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੀ ਭਾਈਵਾਲੀ 50-50 ਪੈਸੇ ਦੀ ਹੁੰਦੀ ਹੈ।ਇਸ ਲਈ ਸਰਹੱਦੀ ਖੇਤਰ ਹੋਣ ਦੇ ਨਾਤੇ ਪੰਜਾਬ ਨੂੰ ਵੀ ਕੇਂਦਰ ਸਰਕਾਰ ਡਿਵੈਲਪਮੈਂਟ ਦੇ ਕੰਮਾਂ ਲਈ 90 ਪੈਸੇ ਦੀ ਹਿੱਸੇਦਾਰੀ ਪਾਵੇ, ਤਾਂ ਜੋ ਪੰਜਾਬ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਇਆ ਜਾ ਸਕੇ।