4 ਕਰੋੜ ਦੀ ਲਾਗਤ ਨਾਲ ਧੁੱਸੀ ਬੰਨ੍ਹਾਂ ਨੂੰ ਕੀਤਾ ਜਾਵੇਗਾ ਮਜ਼ਬੂਤ, ਬਰਸਾਤੀ ਮੌਸਮ ਤੋਂ ਪਹਿਲਾਂ ਕੰਮ ਹੋਵੇਗਾ ਮੁਕੰਮਲ- ਡਿਪਟੀ ਕਮਿਸ਼ਨਰ
ਟੇਂਡੀਵਾਲਾ ਵਿਖੇ 75 ਲੱਖ ਦੀ ਲਾਗਤ ਨਾਲ 600 ਫੁੱਟ ਲੰਬ ਬੰਨ੍ਹ ਤਿਆਰ ਕੀਤਾ ਜਾਵੇਗਾ
ਟੇਂਡੀਵਾਲਾ ਵਿਖੇ 75 ਲੱਖ ਦੀ ਲਾਗਤ ਨਾਲ 600 ਫੁੱਟ ਲੰਬ ਬੰਨ੍ਹ ਤਿਆਰ ਕੀਤਾ ਜਾਵੇਗਾ
ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ ਤੇ ਬਣੇ ਬੰਨ੍ਹਾਂ ਦਾ ਵੱਖ ਵੱਖ ਪਿੰਡਾਂ ਵਿਚ ਜਾ ਕੇ ਲਿਆ ਜਾਇਜ਼ਾ
ਫਿਰੋਜ਼ਪੁਰ 4 ਜੂਨ 2020 ( ) ਮਾਨਸੂਨ ਸੀਜ਼ਨ ਦੌਰਾਨ ਸਤਲੁਜ ਦਰਿਆ ਵਿਚ ਪਾਣੀ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਦਾ ਖ਼ਤਰਾ ਬਣ ਜਾਂਦਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਸਤਲੁਜ ਦਰਿਆ ਕਿਨਾਰੇ ਸਥਿਤ ਬਣੇ ਬੰਨਾ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਟੇਂਡੀਵਾਲਾ, ਬਸਤੀ ਰਾਮ ਲਾਲ, ਮੁਹੰਮਦੀ ਵਾਲਾ, ਮੁੱਠਿਆਂ ਵਾਲਾ, ਨਿਹਾਲਾ ਲਵੇਰਾ ਆਦਿ ਪਿੰਡਾਂ ਵਿਚ ਜਾ ਕੇ ਬੰਨ੍ਹਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਅਮਿੱਤ ਗੁਪਤਾ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੀ ਵਾਰ ਹੜ੍ਹ ਆਉਣ ਕਾਰਨ ਟੇਂਡੀਵਾਲਾ ਪਿੰਡ ਵਿਖੇ ਕਾਫ਼ੀ ਨਾਜ਼ੁਕ ਸਥਿਤੀ ਬਣ ਗਈ ਸੀ। ਉਨ੍ਹਾਂ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਦੁਬਾਰਾ ਉੱਥੇ ਉਸ ਤਰ੍ਹਾਂ ਦੀ ਸਥਿਤੀ ਨਾ ਬਣੇ ਇਸ ਲਈ ਉੱਥੇ 600 ਫੁੱਟ ਲੰਬਾ ਬੰਨ੍ਹ ਬਣਾਇਆ ਜਾਵੇਗਾ ਜਿਸ ਤੇ ਕਰੀਬ 75 ਲੱਖ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਹ ਬੰਨ੍ਹ ਦਾ ਕੰਮ ਹਫ਼ਤੇ ਦੇ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਬਰਸਾਤੀ ਮੌਸਮ ਤੋਂ ਪਹਿਲਾਂ ਕੰਮ ਪੂਰਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੇਂਡੀਵਾਲਾ ਤੋਂ ਇਲਾਵਾ ਪਿੰਡ ਗੱਟਾ ਬਾਦਸ਼ਾਹ, ਆਲੇਵਾਲਾ ਸਮੇਤ ਹੋਰ ਪਿੰਡਾਂ ਵਿਚ ਵੀ ਬੰਨ੍ਹਾਂ ਦੀ ਮਜ਼ਬੂਤੀ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ, ਜਿਸ ਉੱਪਰ ਕਰੀਬ 4 ਕਰੋੜ ਰੁਪਏ ਦਾ ਖਰਚਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸਤਲੁਜ ਕਿਨਾਰੇ ਸਥਿਤ ਸਾਰੇ ਬੰਨ੍ਹਾਂ ਦੀ ਮੁਰੰਮਤ, ਨਹਿਰਾਂ ਦੀ ਸਫ਼ਾਈ, ਸਟੱਡਾਂ ਲਗਾਉਣ ਸਮੇਤ ਹਰ ਤਰ੍ਹਾਂ ਦੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਅਤੇ ਹੋਰਨਾਂ ਥਾਵਾਂ ਤੇ ਵੀ ਨਿਰੀਖਣ ਕਰਨ ਤੋਂ ਬਾਅਦ ਬੰਨ੍ਹਾਂ ਦੀ ਮਜ਼ਬੂਤੀ ਅਤੇ ਸਟੱਡਾਂ ਲਗਵਾਉਣ ਦਾ ਕੰਮ ਕਰਨ ਲਈ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵੀ ਬਰਸਾਤੀ ਦਿਨਾਂ ਵਿਚ ਸਤਰਕ ਰਹਿਣ ਲਈ ਕਿਹਾ ਅਤੇ ਕੋਈ ਵੀ ਪਰੇਸ਼ਾਨੀ ਜਾਂ ਲੋੜ ਪੈਣ ਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਾਨਸੂਨ ਸੀਜਨ ਵਿਚ ਕਿਸੇ ਨੂੰ ਵੀ ਕੋਈ ਆਰਥਿਕ ਨੁਕਸਾਨ ਨਾ ਹੋਵੇ ਇਸ ਲਈ ਉਸ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਐਕਸੀਅਨ ਸੰਦੀਪ ਗੋਇਲ, ਐਸਡੀਓ ਸੁਰਿੰਦਰ ਸ਼ਰਮਾ ਵੀ ਹਾਜ਼ਰ ਸਨ।