'ਬੀੜ' ਨੇ ਫ਼ਿਰੋਜ਼ਪੁਰ ਵਿਖੇ ਵਿੱਢੀ 'ਪੰਛੀ ਬਚਾਓ ਫ਼ਰਜ਼ ਨਿਭਾਓ' ਮੁਹਿੰਮ
Ferozepur, October 29, 2917 : ਦਿਨੋ ਦਿਨ ਨਿਘਾਰ ਵੱਲ ਜਾ ਰਹੇ ਵਾਤਾਵਰਨ ਵਿਚ ਕੁਦਰਤੀ ਸਮਤੋਲ ਲਿਆਉਣ ਲਈ ਪੰਜਾਬ ਪੱਧਰ 'ਤੇ ਕੰਮ ਕਰ ਰਹੀ ਬੀੜ ਸੁਸਾਇਟੀ ਦੁਆਰਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਪੰਛੀਆਂ ਲਈਮਿੱਟੀ ਦੇ ਆਲ੍ਹਣੇ ਅਤੇਛਾਂਦਾਰ ਰੁੱਖ ਲਾ ਕੇ 'ਪੰਛੀ ਬਚਾਓ ਫ਼ਰਜ਼ ਨਿਭਾਓ' ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ। 'ਬੀੜ' ਦੁਆਰਾ ਪਹਿਲੇ ਪੜਾਅ ਤਹਿਤ ਭਾਈ ਗੁਰਦਾਸ ਗੁਰਮਤਿ ਵਿਦਿਆਲਿਆ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਪੰਛੀਆਂ ਲਈ ਵਿਸ਼ੇਸ਼ ਆਕਾਰ ਦੇ ਪੰਜਾਹ ਮਿੱਟੀ ਦੇ ਆਲ੍ਹਣੇ ਅਤੇ ਕੁਝ ਛਾਂਦਾਰ ਰੁੱਖ ਲਾਏ ਗਏ। 'ਬੀੜ' ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਅਤੇ ਗੁਰਸੇਵਕ ਸਿੰਘ ਕੈਂਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਬੀੜ' ਦੁਆਰਾ ਹੁਣ ਤੱਕ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਚਾਰ ਹਜ਼ਾਰ ਦੇ ਕਰੀਬ ਆਲ੍ਹਣੇ ਲਾਏ ਜਾ ਚੁੱਕੇ ਹਨ ਜਿੰਨ੍ਹਾਂ ਵਿਚ ਕਾਫੀ ਸਕਰਾਤਮਿਕ ਨਤੀਜੇ ਮਿਲ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤੱਕ ਖੋੜਾਂ ਵਿਚ ਆਲ੍ਹਣਾ ਬਣਾਉਣ ਵਾਲੇ ਪੰਛੀਆਂ ਦੀਆਂ ਚੌਦਾਂ ਪ੍ਰਜਾਤੀਆਂ ਨੇ ਮਿੱਟੀ ਦੇ ਆਲ੍ਹਣਿਆਂ ਨੂੰ ਸਵੀਕਾਰ ਕਰ ਲਿਆ ਹੈ ਤੇ ਕੁਝ ਹੋਰ ਪੰਛੀਆਂ ਦੇ ਆਉਣ ਦੀ ਉਮੀਦ ਨਾਲ ਫ਼ਿਰੋਜ਼ਪੁਰ ਵਿਚ ਢੁੱਕਵੀਆਂ ਥਾਵਾਂ ਦੀ ਚੋਣ ਕਰਕੇ ਇਸ ਮੁਹਿੰਮ ਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਸ਼ਹੀਦ ਭਗਤ ਸਿੰਘ ਇੰਜੀਨੀਅਰ ਕਾਲਜ ਤੋਂ ਬੀੜ ਦੇ ਮੈਂਬਰ ਬਲਵਿੰਦਰ ਸਿੰਘ ਮੋਹੀ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਪੰਛੀਆਂ ਨੂੰ ਆਲ੍ਹਣੇ ਬਣਾਉਣ ਦੀ ਥਾਂ ਦਿਨੋ ਦਿਨ ਘਟਣ ਕਰਕੇ ਪਰਿੰਦਿਆਂ ਦੀਆਂ ਕਈ ਪ੍ਰਜਾਤੀਆਂ ਦਿਨੋ ਦਿਨ ਅਲੋਪ ਹੋ ਰਹੀਆਂ ਹਨ ਸੋ ਪੰਛੀਆਂ ਨੂੰ ਆਲ੍ਹਣਿਆਂ ਲਈ ਜਗ੍ਹਾ ਮੁਹੱਈਆ ਕਰਾਉਣਾ ਸਾਡਾ ਸਭ ਦਾ ਸਾਂਝਾ ਫ਼ਰਜ਼ ਬਣਦਾ ਹੈ। ਮੁਹਿੰਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਵਾਤਾਵਰਨ ਪ੍ਰੇਮੀ ਸ਼੍ਰੀ ਕੁਨਾਲ ਧਵਨ,ਇੰਦਰਜੀਤ ਸਿੰਘ ਵਿਰਦੀ ਅਤੇ ਕਾਰਜ ਸਿੰਘ ਅਰਾਈਆਂਵਾਲਾ ਨੇ ਬੀੜ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਫ਼ਿਰੋਜ਼ਪੁਰ ਵਿਚ ਸੁਸਾਇਟੀ ਦੀ ਹਰ ਤਰਾਂ ਨਾਲ ਮਦਦ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਗੁਰਮਤਿ ਵਿਦਿਆਲਾ ਦੇ ਪ੍ਰਬੰਧਕ ਗੁਰਤੇਜ ਸਿੰਘ ਬਰਾੜ ਅਤੇ ਵਿਦਿਆਰਥੀਆਂ ਨੇ ਆਲ੍ਹਣੇ ਅਤੇ ਰੁੱਖ ਲਾਉਣ ਦੇ ਕਾਰਜਾਂ ਵਿਚ ਉਸਾਰੂ ਭੂਮਿਕਾ ਨਿਭਾਉਂਦਿਆਂ ਬੀੜ ਟੀਮ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।