'ਆਪ' ਉਮੀਦਵਾਰ ਨਰਿੰਦਰ ਸਿੰਘ ਸੰਧਾ ਨੇ ਕੀਤੇ ਨਾਮਜ਼ਦਗੀ ਪੱਤਰ ਦਾਖਲ
ਫਿਰੋਜ਼ਪੁਰ 17 ਜਨਵਰੀ ( Harish Monga) 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸੰਧਾ ਨੇ ਹਲਕਾ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਹਰਜੀਤ ਸਿੰਘ ਸੰਧੂ ਪਾਸ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਹਨਾਂ ਦੇ ਬੇਟੇ ਰਮਨਦੀਪ ਸਿੰਘ ਨੇ ਉਹਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ।
ਇਸ ਮੌਕੇ ਗੱਲਬਾਤ ਕਰਦਿਆਂ ਆਪ ਉਮੀਦਵਾਰ ਨਰਿੰਦਰ ਸਿੰਘ ਸੰਧਾ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਅਕਾਲੀ, ਕਾਂਗਰਸ ਤੋਂ ਅੱਕ ਚੁੱਕੇ ਹਨ ਅਤੇ ਹੁਣ ਪੰਜਾਬ ਅੰਦਰ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਚਲਾਈਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਕਾਰਨ ਅੱਜ ਪੰਜਾਬ ਦੇ ਹਰ ਵਸਨੀਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਪਰਚਾਰ ਲਈ ਜਲਦੀ ਹੀ ਸਟਾਰ ਪ੍ਰਚਾਰਕ ਪੰਜਾਬ ਦੇ ਦੌਰੇ 'ਤੇ ਆਉਣਗੇ ਅਤੇ ਉਹ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਵੀ ਜਲਸਿਆਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਹਨਾਂ ਨਾਲ ਧਰਮਪਾਲ ਆੜਤੀਆ, ਉਲਫਤ ਰਾਏ ਸਹੋਤਾ ਸਾਬਕਾ ਕੌਸਲਰ, ਸ਼੍ਰੀਮਤੀ ਊਸ਼ਾ ਚੋਪੜਾ, ਜਸਕਰਨ ਸਿੰਘ ਸੰਧਾ ਆਦਿ ਵੀ ਮੌਜੂਦ ਸਨ।