26 ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਵੱਡੇ ਪੱਧਰ ‘ਤੇ ਹੋਵੇਗਾ ਟਰੈਕਟਰ ਮਾਰਚ
26 ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਵੱਡੇ ਪੱਧਰ ‘ਤੇ ਹੋਵੇਗਾ ਟਰੈਕਟਰ ਮਾਰਚ
ਫ਼ਿਰੋਜ਼ਪੁਰ, 25-1-2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਆਰਿਫ਼ ਕੇ ਵਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸੱਦੇ ਤਹਿਤ ਵੱਡੇ ਪੱਧਰ ‘ਤੇ ਟਰੈਕਟਰ ਲੈ ਕੇ ਮਾਰਚ ਕੀਤਾ ਜਾਵੇਗਾ। ਜਾਣਕਾਰੀ ਸਾਂਝੀ ਕਰਦਿਆਂ ਜੋਨ ਪ੍ਰਧਾਨ ਹਰਫੂਲ ਸਿੰਘ ਬਚਿੱਤਰ ਸਿੰਘ ਕੁਤਬਦੀਨ ਵਾਲਾ ਪ੍ਰੈਸ ਸਕੱਤਰ ਹਰਨੇਕ ਸਿੰਘ ਭੁੱਲਰ ਨੇ ਦੱਸਿਆ ਕਿ 26 ਜਨਵਰੀ ਵਾਲੇ ਦਿਨ ਜੋਨ ਪੱਧਰ ‘ਤੇ ਵੱਡਾ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ ਇਸ ਦੇ ਨਾਲ ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਦੇ ਘਰ ਅੱਗੇ ਟਰੈਕਟਰ ਖੜੇ ਕਰਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਸਬੰਧੀ ਚੱਲ ਰਹੇ ਅੰਦੋਲਨਾਂ ਨੂੰ ਸਮਰਥਨ ਕਰਕੇ ਪੂਰੇ ਸਮਾਜ ਨੂੰ ਬਚਾਉਣ ਲਈ ਇਹ ਸ਼ਾਂਤਮਈ ਟਰੈਕਟਰ ਮਾਰਚ ਹੋਵੇਗਾ।
ਕਿਸਾਨ ਆਗੂਆਂ ਨੇ ਕਿਹਾ` ਕਿ ਭਗਵੰਤ ਮਾਨ ਸਰਕਾਰ ਵਲੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਉਦ ਵਿੱਚ ਕਿਸਾਨਾਂ ਤੇ ਕੀਤੇ ਗਏ ਅੱਤਿਆਚਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ ਤੇ ਮਾਨ ਸਰਕਾਰ ਨੂੰ ਚਿਤਾਵਨੀ ਹੈ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ‘ਚ ਪੰਜਾਬ ਸਰਕਾਰ ਵਿਰੁੱਧ ਵੀ ਮੋਰਚੇ ਖੋਲ੍ਹੇ ਜਾ ਸਕਦੇ ਹਨ ।